ਫਲਾਇੰਗ ਅਫਸਰ

ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਫੌਜ ‘ਚ ਹੋਈਆਂ ਸ਼ਾਮਲ

ਮੋਹਾਲੀ 13 ਦਸੰਬਰ 2025: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼ ਐਸਏਐਸ ਨਗਰ (ਮੋਹਾਲੀ) ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ | ਇਸ ਤਹਿਤ ਇਸ ਸੰਸਥਾ ਦੀਆਂ ਦੋ ਸਾਬਕਾ ਵਿਦਿਆਰਥਣਾਂ, ਚਰਨਪ੍ਰੀਤ ਕੌਰ ਅਤੇ ਮਹਿਕ ਦਹੀਆ ਨੂੰ ਭਾਰਤੀ ਹਵਾਈ ਫੌਜ ‘ਚ ਫਲਾਇੰਗ ਅਫਸਰ ਵਜੋਂ ਸ਼ਾਮਲ ਕੀਤਾ ਹੈ। ਇਹਨਾਂ ਦੋਵਾਂ ਵਿਦਿਆਰਥਣਾਂ ਨੇ ਅੱਜ ਆਪਣੀ ਸੰਸਥਾ ਦਾ ਮਾਣ ਵਧਾਉਂਦਿਆਂ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫਲਤਾਪੂਰਵਕ ਪਾਸ ਆਊਟ ਕੀਤਾ ਹੈ।

ਉਨ੍ਹਾਂ ਨੂੰ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ, ਜਿਸਦੀ ਸਮੀਖਿਆ ਚੀਫ਼ ਆਫ਼ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ, ਪੀਵੀਐਸਐਮ, ਯੂਵਾਈਐਸਐਮ, ਏਵੀਐਸਐਮ, ਐਸਐਮ, ਵੀਐਸਐਮ ਵੱਲੋਂ ਕੀਤੀ ਗਈ, ਦੌਰਾਨ ਭਾਰਤੀ ਹਵਾਈ ਫੌਜ ‘ਚ ਸ਼ਾਮਲ ਕੀਤਾ ਹੈ।

ਫਲਾਇੰਗ ਅਫਸਰ ਚਰਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਬਨਵੈਤ ਇਕ ਡਰਾਈਵਰ ਹਨ ਅਤੇ ਕੁਰਾਲੀ ਦੇ ਰਹਿਣ ਵਾਲੇ ਹਨ, ਜਦੋਂ ਕਿ ਫਲਾਇੰਗ ਅਫਸਰ ਮਹਿਕ ਦਹੀਆ ਦੇ ਪਿਤਾ ਅਨਿਲ ਕੁਮਾਰ ਦਹੀਆ ਇੱਕ ਸਰਕਾਰੀ ਅਧਿਆਪਕ ਹਨ ਅਤੇ ਮੋਹਾਲੀ ਦੇ ਰਹਿਣ ਵਾਲੇ ਹਨ।
ਫਲਾਇੰਗ ਅਫਸਰ ਚਰਨਪ੍ਰੀਤ ਕੌਰ ਨੂੰ ਪ੍ਰਸ਼ਾਸਨਿਕ ਸ਼ਾਖਾ ‘ਚ ਸ਼ਾਮਲ ਕੀਤਾ ਹੈ, ਜਦੋਂ ਕਿ ਫਲਾਇੰਗ ਅਫਸਰ ਮਹਿਕ ਦਹੀਆ ਨੂੰ ਹਵਾਈ ਫੌਜ ਦੀ ਲੇਖਾ ਸ਼ਾਖਾ ‘ਚ ਸ਼ਾਮਲ ਕੀਤਾ ਗਿਆ।

ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਫਲਾਇੰਗ ਅਫਸਰ ਚਰਨਪ੍ਰੀਤ ਕੌਰ ਅਤੇ ਮਹਿਕ ਦਹੀਆ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ | ਪੰਜਾਬ ਸਰਕਾਰ ਵੱਲੋਂ ਜੁਲਾਈ 2023 ‘ਚ ਮਾਈ ਭਾਗੋ ਏਐਫਪੀਆਈ ਵਿਖੇ ਲੜਕੀਆਂ ਲਈ ਇੱਕ ਐਨਡੀਏ ਪ੍ਰੈਪਰੇਟਰੀ ਵਿੰਗ ਵੀ ਸਥਾਪਿਤ ਕੀਤਾ ਸੀ, ਜਿਸ ਦਾ ਤੀਜਾ ਬੈਚ ਇਸ ਸਮੇਂ ਸਿਖਲਾਈ ਅਧੀਨ ਹੈ। ਇੱਕ ਨਵੇਂ ਬਲਾਕ, ਜਿਸਦਾ ਨਾਮ ਫੀਲਡ ਮਾਰਸ਼ਲ ਐਸਐਚਐਫਜੇ ਮਾਨੇਕਸ਼ਾ ਦੇ ਨਾਮ ‘ਤੇ ਰੱਖਿਆ ਗਿਆ ਹੈ, ਦਾ ਉਦਘਾਟਨ ਨਵੰਬਰ 2025 ‘ਚ ਕੀਤਾ ਗਿਆ ਸੀ।

ਮਾਈ ਭਾਗੋ ਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏਵੀਐਸਐਮ (ਸੇਵਾਮੁਕਤ) ਨੇ ਦੋਵੇਂ ਸਾਬਕਾ ਵਿਦਿਆਰਥਣਾਂ ਦੇ ਫਲਾਇੰਗ ਅਫਸਰਾਂ ਵਜੋਂ ਭਾਰਤੀ ਹਵਾਈ ਸੈਨਾ ‘ਚ ਸ਼ਾਮਲ ਕੀਤੇ ਜਾਣ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਵਧਾਈ ਦਿੱਤੀ ਹੈ|

Read More: ਮਹਾਰਾਜਾ ਰਣਜੀਤ ਸਿੰਘ AFPI ਦੇ 5 ਸਾਬਕਾ ਵਿਦਿਆਰਥੀ ਭਾਰਤੀ ਫੌਜ ‘ਚ ਹੋਏ ਸ਼ਾਮਲ

ਵਿਦੇਸ਼

Scroll to Top