ਚੰਡੀਗੜ੍ਹ, 13 ਦਸੰਬਰ 2025: ਮੋਹਾਲੀ ਸਥਿਤ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI) ਦੇ ਪੰਜ ਸਾਬਕਾ ਵਿਦਿਆਰਥੀਆਂ ਨੂੰ ਅੱਜ ਭਾਰਤੀ ਹਥਿਆਰਬੰਦ ਫੌਜ ‘ਚ ਅਧਿਕਾਰੀਆਂ ਵਜੋਂ ਸ਼ਾਮਲ ਕੀਤਾ ਹੈ।ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਦੇਹਰਾਦੂਨ ਵਿਖੇ 157ਵੇਂ ਰੈਗੂਲਰ ਕੋਰਸ ਦੀ ਪਾਸਿੰਗ ਆਊਟ ਪਰੇਡ ਜਿਸਦੀ ਸਮੀਖਿਆ ਜਨਰਲ ਉਪੇਂਦਰ ਦਿਵੇਦੀ, ਪੀਵੀਐਸਐਮ, ਏਵੀਐਸਐਮ, ਚੀਫ ਆਫ ਆਰਮੀ ਸਟਾਫ ਵੱਲੋਂ ਕੀਤੀ, ਇਸ ਦੌਰਾਨ ਚਾਰ ਕੈਡਿਟਾਂ ਨੂੰ ਭਾਰਤੀ ਫੌਜ ‘ਚ ਸ਼ਾਮਲ ਕੀਤਾ ਹੈ।
ਭਾਰਤੀ ਫੌਜ ‘ਚ ਸ਼ਾਮਲ ਹੋਣ ਵਾਲੇ ਕੈਡਿਟਾਂ ‘ਚ ਗੁਰਕੀਰਤ ਸਿੰਘ (ਅੰਮ੍ਰਿਤਸਰ), ਜਿਸ ਦੇ ਪਿਤਾ ਕਾਰਪਸ ਆਫ਼ ਇੰਜੀਨੀਅਰਜ਼ ਦੇ ਸਾਬਕਾ ਸੈਨਿਕ ਹਨ, ਬਰਜਿੰਦਰ ਸਿੰਘ (ਗੁਰਦਾਸਪੁਰ) ਜਿਸ ਦੇ ਪਿਤਾ ਸਕੂਲ ਪ੍ਰਿੰਸੀਪਲ ਅਤੇ ਮਾਤਾ ਪੀਐਸਪੀਸੀਐਲ ਸੁਪਰਡੈਂਟ ਹਨ | ਸੁਖਦੇਵ ਸਿੰਘ ਗਿੱਲ (ਗੁਰਦਾਸਪੁਰ) ਜਿਸ ਦੇ ਪਿਤਾ ਸੇਵਾਮੁਕਤ ਪੀਐਸਪੀਸੀਐਲ ਜੇਈ ਹਨ ਅਤੇ ਵਿਨਾਇਕ ਸ਼ਰਮਾ (ਪਠਾਨਕੋਟ) ਜਿਸ ਦੇ ਮਾਤਾ-ਪਿਤਾ ਪ੍ਰਾਇਵੇਟ ਸੈਕਟਰ ‘ਚ ਸੇਵਾਵਾਂ ਨਿਭਾ ਰਹੇ ਹਨ, ਉਹ ਸ਼ਾਮਲ ਹਨ।
ਇੱਕ ਹੋਰ ਕੈਡੇਟ, ਕੁਸ਼ ਪਾਂਡਿਆ (ਲੁਧਿਆਣਾ), ਨੂੰ ਹੈਦਰਾਬਾਦ ਦੇ ਡੰਡੀਗਲ ਸਥਿਤ ਏਅਰ ਫੋਰਸ ਅਕੈਡਮੀ (ਏਐਫਏ) ਵਿਖੇ 216ਵੇਂ ਕੋਰਸ ਤੋਂ ਭਾਰਤੀ ਹਵਾਈ ਫੌਜ ‘ਚ ਫਲਾਇੰਗ ਅਫਸਰ ਵਜੋਂ ਸ਼ਾਮਲ ਕੀਤਾ। ਇਸ ਪਰੇਡ ਦਾ ਨਿਰੀਖਣ ਜਨਰਲ ਅਨਿਲ ਚੌਹਾਨ, ਪੀਵੀਐਸਐਮ, ਯੂਵਾਈਐਸਐਮ, ਏਵੀਐਸਐਮ, ਐਸਐਮ, ਵੀਐਸਐਮ, ਚੀਫ਼ ਆਫ਼ ਡਿਫੈਂਸ ਸਟਾਫ ਵੱਲੋਂ ਕੀਤਾ ਗਿਆ। ਕੁਸ਼ ਭਾਰਤੀ ਫੌਜਾਂ ‘ਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਪਰਿਵਾਰ ਨਾਲ ਸਬੰਧਤ ਹੈ। ਉਸਦੇ ਪਿਤਾ ਇੱਕ ਸੇਵਾਮੁਕਤ ਆਈਏਐਫ ਗਰੁੱਪ ਕੈਪਟਨ ਹਨ ਅਤੇ ਉਸਦੀ ਮਾਂ ਆਰਮੀ ਮੈਡੀਕਲ ਕਾਰਪਸ ‘ਚ ਇੱਕ ਸੇਵਾਮੁਕਤ ਲੈਫਟੀਨੈਂਟ ਕਰਨਲ ਹਨ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਐਮਆਰਐਸਏਐਫਪੀਆਈ ਦੇ ਸਾਬਕਾ ਕੈਡਿਟਾਂ ਨੂੰ ਭਾਰਤੀ ਹਥਿਆਰਬੰਦ ਫੌਜਾਂ ‘ਚ ਸ਼ਾਮਲ ਹੋਣ ‘ਤੇ ਹਾਰਦਿਕ ਵਧਾਈ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਦੇ ਡਾਇਰੈਕਟਰ, ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਸਾਬਕਾ ਕੈਡਿਟਾਂ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਨ੍ਹਾਂ 5 ਕੈਡਿਟਾਂ ਦੀ ਨਿਯੁਕਤੀ ਨਾਲ, ਹੁਣ ਤੱਕ ਐਮਆਰਐਸਏਐਫਪੀਆਈ ਦੇ ਕੁੱਲ 186 ਕੈਡਿਟਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ‘ਚ ਸ਼ਾਮਲ ਕੀਤਾ ਗਿਆ ਹੈ।
Read More: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟਾਂ ਦੀ NDA ਤੇ ਹੋਰ ਰੱਖਿਆ ਅਕੈਡਮੀਆਂ ‘ਚ ਹੋਈ ਚੋਣ




