Punjab Weather News

Punjab Weather News: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਧੁੰਦ ਦਾ ਅਲਰਟ ਜਾਰੀ, ਆਦਮਪੁਰ ਸਭ ਤੋਂ ਠੰਡਾ

ਪੰਜਾਬ, 11 ਦਸੰਬਰ 2025: Punjab Weather News: ਪੰਜਾਬ ਅਤੇ ਚੰਡੀਗੜ੍ਹ ‘ਚ ਠੰਢ ਤੇਜ਼ ਹੋ ਗਈ ਹੈ। ਕੱਲ੍ਹ ਤੋਂ ਸੰਘਣੀ ਧੁੰਦ ਛਾਈ ਰਹੇਗੀ। ਮੌਸਮ ਵਿਭਾਗ ਨੇ 14 ਤਾਰੀਖ਼ ਤੱਕ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ‘ਚ ਘੱਟੋ-ਘੱਟ ਤਾਪਮਾਨ 0.4 ਡਿਗਰੀ ਥੋੜ੍ਹਾ ਵਧਿਆ ਹੈ, ਜੋ ਆਮ ਦੇ ਨੇੜੇ ਪਹੁੰਚ ਗਿਆ ਹੈ।

ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਆਦਮਪੁਰ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਹੈ, ਜਿੱਥੇ ਤਾਪਮਾਨ 3.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਚੰਡੀਗੜ੍ਹ ਅਤੇ ਸੂਬੇ ਭਰ ਦੇ ਕਈ ਹੋਰ ਜ਼ਿਲ੍ਹਿਆਂ ‘ਚ ਹਵਾ ਦੀ ਗੁਣਵੱਤਾ ‘ਚ ਸੁਧਾਰ ਹੋਇਆ ਹੈ, ਹਾਲਾਂਕਿ AQI 100 ਤੋਂ ਉੱਪਰ ਬਣਿਆ ਹੋਇਆ ਹੈ।

ਮੌਸਮ ਵਿਭਾਗ ਦੇ ਮੁਤਾਬਕ ਕੱਲ੍ਹ ਤੋਂ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਹ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ, ਜਿਸ ਨਾਲ ਮੌਸਮ ਪ੍ਰਭਾਵਿਤ ਹੋਵੇਗਾ। ਆਉਣ ਵਾਲੇ ਦਿਨਾਂ ‘ਚ ਸੂਬੇ ਦੇ ਕੁਝ ਖੇਤਰਾਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਰਹਿਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਲਈ ਘੱਟੋ-ਘੱਟ ਤਾਪਮਾਨ ‘ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ।

ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ (ਮੁਕਤਸਰ), ਫਾਜ਼ਿਲਕਾ ਅਤੇ ਫਿਰੋਜ਼ਪੁਰ ‘ਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਬਾਕੀ ਇਲਾਕਿਆਂ ‘ਚ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਸੂਬੇ ਭਰ ‘ਚ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਹੋ ਸਕਦਾ ਹੈ।

Read More: Punjab Weather News: ਪੰਜਾਬ ਦੇ ਕਈਂ ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਹੋਰ ਵਧੇਗੀ ਠੰਡ

Scroll to Top