ਚੰਡੀਗੜ੍ਹ ਯੂਨੀਵਰਸਿਟੀ

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫ਼ੈਪ ਕੌਮੀ ਪੁਰਸਕਾਰ 2025 ‘ਚ 476 ਨਿੱਜੀ ਸਕੂਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਸਨਮਾਨ

ਚੰਡੀਗੜ੍ਹ, 08 ਦਸੰਬਰ 2025: ਦੇਸ਼ ‘ਚ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਾਇਵੇਟ ਸਕੂਲਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਇਸੇ ਯੋਗਦਾਨ ਨੂੰ ਮਾਨਤਾ ਦੇਣ ਲਈ ਫ਼ੈਡਰੇਸ਼ਨ ਆਫ਼ ਪ੍ਰਾਇਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ (ਫ਼ੈਪ) ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ 5ਵੇਂ ਫ਼ੈਪ ਨੈਸ਼ਨਲ ਪੁਰਸਕਾਰ 2025 ਕਰਵਾਇਆ ਗਿਆ, ਜਿਸ ‘ਚ 476 ਤੋਂ ਵੱਧ ਚੇਅਰਪਰਸਨਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਨਮਾਨਿਤ ਕੀਤਾ।

ਫ਼ੈਪ ਨੈਸ਼ਨਲ ਪੁਰਸਕਾਰ 2025 ਦੇ ਸਮਾਗਮ ‘ਚ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਪੰਜਾਬੀ ਅਦਾਕਾਰ, ਗਾਇਕ ਅਤੇ ਕਾਮੇਡੀਅਨ ਕਰਮਜੀਤ ਅਨਮੋਲ ਵਿਸ਼ੇਸ਼ ਮਹਿਮਾਨ ਅਤੇ ਫ਼ੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੀ ਸ਼ਾਮਲ ਰਹੇ। ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਪੁਰਸਕਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਪੁਰਸਕਾਰ ਸਮਾਗਮ ਦੌਰਾਨ, 194 ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ‘ਚ ਸ਼ਾਨਦਾਰ ਪ੍ਰਦਰਸ਼ਨ ਲਈ FAP ਕੌਮੀ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, 282 ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੈਗਾ ਓਲੰਪੀਆਡ ਕੌਂਬੈਟ (MOC) ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ FAP ਪੁਰਸਕਾਰ ਨਾਲ ਸਨਮਾਨਿਤ ਕੀਤਾ।

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿਤ ਸੰਗੀਤ, ਨਾਚ ਅਤੇ ਕਲਾ ਮੁਕਾਬਲਿਆਂ ‘ਚ ਪਹਿਲਾ, ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ 43 ਸਕੂਲਾਂ ਦੀਆਂ ਟੀਮਾਂ ਨੂੰ ਵੀ FAP ਰਾਸ਼ਟਰੀ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ। ਇਨ੍ਹਾਂ ਮੁਕਾਬਲਿਆਂ ‘ਚ ਪੰਜ ਸੰਗੀਤ ਮੁਕਾਬਲੇ ਭਾਰਤੀ ਲੋਕ ਗੀਤ (ਸੋਲੋ), ਭਾਰਤੀ ਲੋਕ ਗੀਤ (ਗਰੁੱਪ), ਵਿਆਹ ਦੇ ਲੋਕ ਗੀਤ, ਵਾਰ ਅਤੇ ਕਵੀਸ਼ਰੀ), ਨਾਚ ਮੁਕਾਬਲੇ (ਸੋਲੋ ਅਤੇ ਗਰੁੱਪ), ਅਤੇ ਪੇਂਟਿੰਗ, ਸਕੈਚਿੰਗ ਅਤੇ ਕੋਲਾਜ ਬਣਾਉਣ ਵਿੱਚ ਕਲਾ ਮੁਕਾਬਲੇ ਸ਼ਾਮਲ ਸਨ।

ਵਾਰ ਸ਼੍ਰੇਣੀ ਵਿੱਚ ਪਹਿਲਾ ਸਥਾਨ ਅੰਮ੍ਰਿਤ ਇੰਡੋ-ਕੈਨੇਡੀਅਨ ਸਕੂਲ, ਲੁਧਿਆਣਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਦੂਜਾ ਸਥਾਨ ਮਾਡਰਨ ਸੈਕੂਲਰ ਪਬਲਿਕ ਸਕੂਲ, ਅਤੇ ਤੀਜਾ ਸਥਾਨ ਜਤਿੰਦਰ ਗ੍ਰੀਨਫੀਲਡ ਸਕੂਲ ਨੇ ਜਿੱਤਿਆ। ਕਵੀਸ਼ਰੀ ਸ਼੍ਰੇਣੀ ਵਿੱਚ, ਪਹਿਲਾ ਇਨਾਮ ਡਿਸਿਪਲਾਈਨਡ ਡਿਸੀਪਲ ਇੰਟਰਨੈਸ਼ਨਲ ਸਕੂਲ ਨੇ, ਦੂਜਾ ਇਨਾਮ ਮਾਤਾ ਗੁਜਰੀ ਸੇਨ ਸੈਕੰਡਰੀ ਸਕੂਲ ਪਟਿਆਲਾ ਨੇ ਅਤੇ ਤੀਜਾ ਇਨਾਮ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਨੇ ਜਿੱਤਿਆ।

ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “FAP ਕਲਚਰਲ ਅਚੀਵਮੈਂਟ ਐਵਾਰਡ ਇੱਕ ਸ਼ਾਨਦਾਰ ਪਹਿਲ ਹੈ ਜੋ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਇਸ ਨੂੰ ਸੰਜੋ ਕੇ ਰੱਖਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਕੇ, ਅਸੀਂ ਨਾ ਸਿਰਫ਼ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੇ ਹਾਂ, ਬਲਕਿ ਇਨ੍ਹਾਂ ਉੱਭਰ ਰਹੇ ਕਲਾਕਾਰਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ ਜੋ ਭਵਿੱਖ ਵਿੱਚ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।”

MP ਸਤਨਾਮ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਡੇ ਰਾਸ਼ਟਰੀ ਪਲੇਟਫਾਰਮਾਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਭਾਵਨਾ ਨੂੰ ਵਾਰ-ਵਾਰ ਸਾਬਤ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਪੰਜ ਸਾਲਾਂ ਵਿੱਚ ਤਿੰਨ ਵਾਰ ਸਮੁੱਚੀ ਏਆਈਯੂ ਨੈਸ਼ਨਲ ਯੂਥ ਫੈਸਟੀਵਲ ਚੈਂਪੀਅਨਸ਼ਿਪ ਟਰਾਫੀ ਜਿੱਤਣ ਵਾਲੀ ਪਹਿਲੀ ਭਾਰਤੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ, ਜੋ ਕਿ ਇੱਕ ਅਸਾਧਾਰਨ ਪ੍ਰਾਪਤੀ ਹੈ ਅਤੇ ਸਾਡੇ ਵਿਦਿਆਰਥੀਆਂ ਦੇ ਜਨੂੰਨ, ਅਨੁਸ਼ਾਸਨ ਅਤੇ ਪ੍ਰਤਿਭਾ ਨੂੰ ਦਰਸਾਉਂਦੀ ਹੈ।

ਅਜਿਹੀ ਬੇਮਿਸਾਲ ਪ੍ਰਤਿਭਾ ਨੂੰ ਹੋਰ ਅੱਗੇ ਵਧਾਉਣ ਲਈ ਸੀਯੂ ਵੱਲੋਂ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਾਲਾਨਾ 4 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਅਲਾਟ ਕੀਤਾ ਜਾਂਦਾ ਹੈ ਅਤੇ ਅਸੀਂ ਹਰ ਸਾਲ ਸੱਭਿਆਚਾਰਕ ਅਤੇ ਕਲਾਤਮਕ ਖੇਤਰਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਦੇ ਹਾਂ।”

ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਇਹ ਵੀ ਕਿਹਾ, ਸਤਨਾਮ ਸਿੰਘ ਸੰਧੂ ਨੇ ਕਿਹਾ, “ਪਹਿਲਾਂ, ਪ੍ਰਾਈਵੇਟ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਵਾਲੇ ਕੋਈ ਪੁਰਸਕਾਰ ਨਹੀਂ ਸਨ, ਭਾਵੇਂ ਕਿ ਉਹ ਸਾਡੇ ਦੇਸ਼ ‘ਚ ਸਕੂਲ ਸਿੱਖਿਆ ਪ੍ਰਣਾਲੀ ਦਾ ਲਗਭੱਗ 50 ਪ੍ਰਤੀਸ਼ਤ ਹਿੱਸਾ ਹਨ। ਫ਼ੈਪ ਫੈਡਰੇਸ਼ਨ ਨੇ ਇਨ੍ਹਾਂ ਪੁਰਸਕਾਰਾਂ ਨੂੰ ਸ਼ੁਰੂ ਕਰਕੇ ਅਤੇ ਇਸ ਲੰਬੇ ਸਮੇਂ ਤੋਂ ਚੱਲ ਰਹੇ ਪਾੜੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਭਰ ਕੇ ਇੱਕ ਵਧੀਆ ਕੰਮ ਕੀਤਾ ਹੈ। ਪਿਛਲੇ ਪੰਜ ਸਾਲਾਂ ‘ਚ, ਜਦੋਂ ਤੋਂ ਇਹ ਪੁਰਸਕਾਰ ਸ਼ੁਰੂ ਹੋਏ ਹਨ, ਪੰਜਾਬੀ ਅਤੇ ਕੌਮੀ ਸਿੱਖਿਆ ਪ੍ਰਣਾਲੀ ‘ਤੇ ਡੂੰਘਾ ਪ੍ਰਭਾਵ ਪਿਆ ਹੈ। ਦੇਸ਼ ਭਰ ਦੇ 18 ਸੂਬਿਆਂ ਦੇ ਨਿੱਜੀ ਸਕੂਲ ਇਸ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲੈਂਦੇ ਹਨ।”

ਇਸ ਮੌਕੇ ਪੰਜਾਬੀ ਗਾਇਕ, ਅਦਾਕਾਰ ਅਤੇ ਕਾਮੇਡੀਅਨ ਕਰਮਜੀਤ ਅਨਮੋਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਹ ਫ਼ੈਪ ਨੈਸ਼ਨਲ ਐਵਾਰਡਜ਼ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਵਿਦਿਅਕ ਅਦਾਰਿਆਂ ਵਿੱਚ ਹਿੰਸਕ ਅਤੇ ਨਸ਼ੇ ਵਾਲੇ ਗੀਤਾਂ ਨੂੰ ਹੁਲਾਰਾ ਨਾ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਬੱਚਿਆਂ ਨੂੰ ਅਜਿਹੇ ਸੱਭਿਆਚਾਰ ਤੋਂ ਦੂਰ ਰਹਿਣ ਦੀ ਪ੍ਰੇਰਨਾ ਮਿਲੇਗੀ।

ਇਸ ਦੇ ਨਾਲ ਹੀ ਫ਼ੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ, “”ਇੱਕ ਸਮਾਂ ਸੀ ਜਦੋਂ ਸਕੂਲਾਂ ਦੇ ਸਾਲਾਨਾ ਸਮਾਗਮਾਂ ਵਿੱਚ ਲੱਚਰਤਾ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗੂੰਜਦੇ ਜਾਂਦੇ ਸਨ। ਪਰ ਹੁਣ, FAP ਪੁਰਸਕਾਰਾਂ ਨਾਲ, ਅਸੀਂ ਲੋਕ ਗੀਤਾਂ ਅਤੇ ਲੋਕ ਨਾਚ ਨੂੰ ਉਤਸ਼ਾਹਿਤ ਕਰ ਰਹੇ ਹਾਂ, ਜਿਸ ਨਾਲ ਸਕੂਲਾਂ ਵਿੱਚ ਇਸ ਰੁਝਾਨ ਨੂੰ ਖਤਮ ਕੀਤਾ ਜਾ ਰਿਹਾ ਹੈ। ਅਸੀਂ ਨੌਂ ਸ਼੍ਰੇਣੀਆਂ ਵਿੱਚ ਸੱਭਿਆਚਾਰਕ ਪੁਰਸਕਾਰ ਦੇ ਰਹੇ ਹਾਂ, ਜਿਸ ਲਈ ਪੰਜਾਬ ਅਤੇ ਹੋਰ ਰਾਜਾਂ ਦੇ 740 ਤੋਂ ਵੱਧ ਸਕੂਲਾਂ ਨੇ ਅਰਜ਼ੀ ਦਿੱਤੀ। ਇਨ੍ਹਾਂ ‘ਚੋਂ 41 ਸਕੂਲਾਂ ਨੂੰ ਅੱਜ ਅੰਤਿਮ ਦੌਰ ‘ਚ ਪ੍ਰਦਰਸ਼ਨ ਕਰਨ ਲਈ ਚੁਣਿਆ ਗਿਆ ਹੈ।”

ਇਸ ਮੌਕੇ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਕਿਹਾ, ਸਿੱਖਿਆ ਅਤੇ ਯੋਗਤਾ ਵਿੱਚ ਫ਼ਰਕ ਹੁੰਦਾ ਹੈ। ਸਿੱਖਿਆ ਕਦੇ ਵੀ ਕਿਸੇ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਤੋਂ ਵੀ ਸਿੱਖ ਸਕਦੇ ਹੋ। ਪਰ ਯੋਗਤਾ ਨਾਲ ਤੁਸੀਂ ਅੱਗੇ ਵਧਦੇ ਹੋ।ਸੱਭਿਆਚਾਰਕ ਵਿਰਾਸਤ ਨੂੰ ਅੱਗੇ ਲੈਕੇ ਜਾਣਾ ਹੀ ਸੱਚੀ ਦੇਸ਼ ਸੇਵਾ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰ ਤੇ ਖੇਡਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਸਕੂਲਾਂ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸੱਭਿਆਚਾਰਕ ਸੈਰ ਸਪਾਟੇ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ, ਤਾਂ ਜੋ ਬੱਚੇ ਆਪਣੀ ਅਮੀਰ ਤੇ ਵਡਮੁੱਲੀ ਵਿਰਾਸਤ ਨਾਲ ਜੁੜ ਕੇ ਆਪਣੀਆਂ ਕਦਰਾਂ-ਕੀਮਤਾਂ ਨੂੰ ਪਛਾਨਣ।

Read More: MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਗੁਰਪੁਰਬ ਮੌਕੇ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮੁੱਦਾ ਚੁੱਕਿਆ

Scroll to Top