ਚੰਡੀਗੜ੍ਹ, 08 ਦਸੰਬਰ 2025: ਪੰਜਾਬ ਦੇ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ‘ਗਰੀਨਿੰਗ ਪੰਜਾਬ ਮਿਸ਼ਨ’ ਤਹਿਤ ਸੂਬੇ ‘ਚ ਮੌਜੂਦਾ ਜੰਗਲਾਂ ਅਤੇ ਰੁੱਖਾਂ ਹੇਠਲੇ ਰਕਬੇ ਦੀ ਸਾਂਭ-ਸੰਭਾਲ, ਵਿਕਾਸ ਅਤੇ ਵਾਧੇ ਨੂੰ ਹੁਲਾਰਾ ਦੇਣ ਲਈ ਕਮੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਨੇ ਪੰਜਾਬ ‘ਚ ਹਰਿਆਵਲ ਨੂੰ ਵਧਾਉਣ ਦੇ ਆਪਣੇ ਯਤਨਾਂ ਤਹਿਤ ਸੂਬੇ ਭਰ ‘ਚ ਵੱਖ-ਵੱਖ ਯੋਜਨਾਵਾਂ ਅਧੀਨ ਬੂਟੇ ਲਗਾਏ ਹਨ।
ਉਨ੍ਹਾਂ ਕਿਹਾ ਕਿ ਕਈ ਨਵੀਆਂ ਪਹਿਲਕਦਮੀਆਂ ਤਹਿਤ 12,55,700 ਬੂਟੇ ਲਗਾਏ ਹਨ। ਇਨ੍ਹਾਂ ‘ਚ ਸ਼ਹਿਰੀ ਜੰਗਲਾਤ ਅਧੀਨ ਲਗਾਏ ਗਏ 3,31,000 ਪੌਦੇ ਸ਼ਾਮਲ ਹਨ, ਜਿਨ੍ਹਾਂ ‘ਚ ਸੰਸਥਾਗਤ ਜ਼ਮੀਨ ’ਤੇ ਪੌਦੇ ਲਗਾਉਣਾ ਅਤੇ ਐਗਰੋ ਫਾਰੈਸਟਰੀ (ਲਿੰਕ ਸੜਕਾਂ ਦੇ ਨਾਲ ਲਗਦੇ ਦੇ ਖੇਤਾਂ ਵਿੱਚ ਇੱਕ ਕਤਾਰ ਵਿੱਚ ਪੌਦੇ ਲਗਾਉਣਾ), 2,50,000 ਪੋਪਲਰ/ਡਰੇਕ ਅਤੇ 3,00,000 ਸਫੈਦੇ ਦੇ ਰੁੱਖ ਸ਼ਾਮਿਲ ਹਨ।
ਇਸ ਤੋਂ ਇਲਾਵਾ, ਕੰਡਿਆਲੀ ਤਾਰ ਲਗਾ ਕੇ ਪਵਿੱਤਰ ਵਣ ਵਿਕਸਤ ਕਰਨ ਦੇ ਨਾਲ-ਨਾਲ ਕੰਡਿਆਲੀ ਤਾਰ ਨਾਲ ‘ਨਾਨਕ ਬਗੀਚੀਆਂ’ ਵਿਕਸਿਤ ਕਰਨ ਦੇ ਹਿੱਸੇ ਵਜੋਂ 20,800 ਪੌਦੇ ਲਗਾਏ ਹਨ। ਇਸ ਦੇ ਨਾਲ ਹੀ ਉਦਯੋਗਿਕ ਸੰਸਥਾਨਾਂ ਵਿਖੇ 46,500 ਬੂਟੇ ਲਗਾਏ ਹਨ, ਜਦੋਂ ਕਿ ਸਕੂਲਾਂ ‘ਚ 1,44,500 ਬੂਟੇ ਲਗਾਏ ਹਨ। ਇਸ ਤੋਂ ਇਲਾਵਾ, 1,62,900 ਲੰਬੇ ਪੌਦੇ ਵੀ ਲਗਾਏ ਹਨ।
ਬੂਟੇ ਲਗਾਉਣ ਦਾ ਉਦੇਸ਼ ਸੂਬੇ ‘ਚ ਸਾਰੀਆਂ ਉਪਲਬੱਧ ਜ਼ਮੀਨਾਂ ’ਤੇ ਵੱਧ ਤੋਂ ਵੱਧ ਗਿਣਤੀ ‘ਚ ਪੌਦੇ ਲਗਾ ਕੇ ਜ਼ਿਆਦਾ ਤੋਂ ਜ਼ਿਆਦਾ ਰਕਬੇ ਨੂੰ ਹਰਿਆਲੀ ਹੇਠ ਲਿਆਉਣਾ, ਨਰਸਰੀਆਂ ਵਧਾਉਣਾ, ਜੰਗਲਾਤ ਹੇਠਲਾ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨਾ, ਬੂਟਿਆਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਨਾ, ਸੂਬੇ ‘ਚ ਜੰਗਲ ਜਾਗਰੂਕਤਾ ਪਾਰਕਾਂ ਦੀ ਸਥਾਪਨਾ ਅਤੇ ਰੱਖ-ਰਖਾਅ ਕਰਨਾ ਅਤੇ ਜੰਗਲਾਤ ਖੋਜ ਦੇ ਨਾਲ-ਨਾਲ ਸਿਖਲਾਈ ਗਤੀਵਿਧੀਆਂ ਕਰਨਾ ਹੈ।
Read More: ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ: ਲਾਲ ਚੰਦ ਕਟਾਰੂਚੱਕ




