ਦੇਸ਼, 08 ਦਸੰਬਰ 2025: ਰਾਜ ਸਭਾ ‘ਚ ਅੱਠਵੇਂ ਦਿਨ ਦੀ ਕਾਰਵਾਈ ਦੀ ਸ਼ੁਰੂਆਤ ‘ਚ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਾਬਕਾ ਰਾਜਪਾਲ ਸਵਰਾਜ ਕੌਸ਼ਲ ਦੇ ਦੇਹਾਂਤ ‘ਤੇ ਇੱਕ ਸ਼ੋਕ ਸੰਦੇਸ਼ ਪੜ੍ਹਿਆ। ਪੂਰੇ ਸਦਨ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ, ਰਾਜ ਸਭਾ ਮੈਂਬਰ ਅਤੇ ਮਿਜ਼ੋਰਮ ਦੇ ਸਾਬਕਾ ਰਾਜਪਾਲ ਸਵਰਾਜ ਕੌਸ਼ਲ ਨੂੰ ਮੌਨ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਤੋਂ ਬਾਅਦ, ਚੇਅਰਮੈਨ ਦੀ ਆਗਿਆ ਨਾਲ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ।
ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਛੇਵੇਂ ਦਿਨ ਸੋਮਵਾਰ ਨੂੰ ਲੋਕ ਸਭਾ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ‘ਤੇ ਚਰਚਾ ਕਰੇਗੀ। ਇਸ ਚਰਚਾ ਲਈ 10 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 12 ਵਜੇ ਚਰਚਾ ਦੀ ਸ਼ੁਰੂਆਤ ਕਰਨਗੇ। ਸਰਕਾਰ ਦਾ ਉਦੇਸ਼ ਹੈ ਕਿ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੀ 150ਵੀਂ ਵਰ੍ਹੇਗੰਢ ‘ਤੇ ਦੇਸ਼ ਲਈ ਇਸਦੀ ਇਤਿਹਾਸਕ, ਸੱਭਿਆਚਾਰਕ ਅਤੇ ਰਾਜਨੀਤਿਕ ਮਹੱਤਤਾ ਨੂੰ ਉਜਾਗਰ ਕਰਨ ਲਈ ਸੰਸਦ ‘ਚ ਇਸ ‘ਤੇ ਚਰਚਾ ਕੀਤੀ ਜਾਵੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਵੀ ਸਰਕਾਰ ਵੱਲੋਂ ਹਿੱਸਾ ਲੈਣਗੇ। ਮੁੱਖ ਵਿਰੋਧੀ ਪਾਰਟੀ, ਕਾਂਗਰਸ ਵੱਲੋਂ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਉਪ ਨੇਤਾ ਗੌਰਵ ਗੋਗੋਈ, ਅੱਠ ਸੰਸਦ ਮੈਂਬਰਾਂ ਦੇ ਨਾਲ ਬੋਲਣਗੇ। ਹੋਰ ਪਾਰਟੀਆਂ ਦੇ ਸੰਸਦ ਮੈਂਬਰ ਵੀ ਬੋਲਣਗੇ।
ਭਾਰਤ ਸਰਕਾਰ ਰਾਸ਼ਟਰੀ ਗੀਤ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਸਾਲ ਭਰ ਚੱਲਣ ਵਾਲਾ ਪ੍ਰੋਗਰਾਮ ਕਰਵਾ ਕਰ ਰਹੀ ਹੈ। 2 ਦਸੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਇੱਕ ਬੈਠਕ ਸੱਦੀ । ਇਹ ਫੈਸਲਾ ਕੀਤਾ ਗਿਆ ਕਿ ਵੰਦੇ ਮਾਤਰਮ ‘ਤੇ 8 ਦਸੰਬਰ ਨੂੰ ਲੋਕ ਸਭਾ ਵਿੱਚ ਅਤੇ 9 ਦਸੰਬਰ ਨੂੰ ਰਾਜ ਸਭਾ ‘ਚ ਚਰਚਾ ਕੀਤੀ ਜਾਵੇਗੀ।
ਵੰਦੇ ਮਾਤਰਮ ਗੀਤ ਦਾ ਇਤਿਹਾਸ
ਭਾਰਤ ਦਾ ਰਾਸ਼ਟਰੀ ਗੀਤ, ਵੰਦੇ ਮਾਤਰਮ, ਬੰਕਿਮ ਚੰਦਰ ਚੈਟਰਜੀ ਦੁਆਰਾ 7 ਨਵੰਬਰ, 1875 ਨੂੰ ਅਕਸ਼ੈ ਨੌਮੀ ਦੇ ਸ਼ੁਭ ਮੌਕੇ ‘ਤੇ ਲਿਖਿਆ ਗਿਆ ਸੀ। ਇਹ ਪਹਿਲੀ ਵਾਰ 1882 ‘ਚ ਉਨ੍ਹਾਂ ਦੇ ਨਾਵਲ, ਆਨੰਦਮਠ ਦੇ ਹਿੱਸੇ ਵਜੋਂ ਉਨ੍ਹਾਂ ਦੇ ਰਸਾਲੇ ਬੰਗਦਰਸ਼ਨ ‘ਚ ਪ੍ਰਕਾਸ਼ਿਤ ਹੋਇਆ ਸੀ।
1896 ‘ਚ ਰਬਿੰਦਰਨਾਥ ਟੈਗੋਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ‘ਚ ਸਟੇਜ ‘ਤੇ ਵੰਦੇ ਮਾਤਰਮ ਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਇਹ ਗੀਤ ਰਾਸ਼ਟਰੀ ਪੱਧਰ ‘ਤੇ ਜਨਤਕ ਤੌਰ ‘ਤੇ ਗਾਇਆ ਗਿਆ ਸੀ। ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ‘ਚ ਹੰਝੂ ਆ ਗਏ।
Read More: ਪਾਨ ਮਸਾਲਾ ਤੇ ਸਿਗਰਟ ‘ਤੇ ਹੁਣ ਭਾਰਤ ਸਰਕਾਰ ਲਗਾਏਗੀ ਵਾਧੂ ਟੈਕਸ




