ਤੇਲੰਗਾਨਾ, 08 ਦਸੰਬਰ 2025: ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਹੈਦਰਾਬਾਦ ‘ਚ ਇੱਕ ਸੜਕ ਦਾ ਨਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ‘ਤੇ ਰੱਖਣ ਦਾ ਪ੍ਰਸਤਾਵ ਰੱਖਿਆ ਹੈ। ਇਹ ਫੈਸਲਾ ਤੇਲੰਗਾਨਾ ਰਾਈਜ਼ਿੰਗ ਗਲੋਬਲ ਸੰਮੇਲਨ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਧਿਆਨ ਖਿੱਚਣ ਦੀ ਕੋਸ਼ਿਸ਼ ਜਾਪਦਾ ਹੈ। ਹਾਲਾਂਕਿ, ਇਸ ਨਾਲ ਉਨ੍ਹਾਂ ਦੇ ਵਿਰੋਧੀਆਂ ਨੇ ਆਲੋਚਨਾ ਕੀਤੀ ਹੈ। ਤੇਲੰਗਾਨਾ ਭਾਜਪਾ ਨੇ ਮੁੱਖ ਮੰਤਰੀ ਦੇ ਪ੍ਰਸਤਾਵ ਦੀ ਆਲੋਚਨਾ ਕੀਤੀ ਹੈ |
ਮੁੱਖ ਮੰਤਰੀ ਰੇਵੰਤ ਰੈਡੀ ਨੇ ਹੈਦਰਾਬਾਦ ‘ਚ ਅਮਰੀਕੀ ਕੌਂਸਲੇਟ ਜਨਰਲ ਨੂੰ ਜਾਣ ਵਾਲੀ ਸੜਕ ਦਾ ਨਾਮ “ਡੋਨਾਲਡ ਟਰੰਪ ਐਵੇਨਿਊ” ਰੱਖਣ ਦਾ ਪ੍ਰਸਤਾਵ ਰੱਖਿਆ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਦੁਨੀਆ ‘ਚ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਵੀ ਦੇਸ਼ ‘ਚ ਇਸ ਤਰੀਕੇ ਨਾਲ ਸਨਮਾਨਿਤ ਕੀਤਾ ਹੋਵੇ। ਜਿਕਰਯੋਗ ਹੈ ਕਿ ਹੈਦਰਾਬਾਦ ‘ਚ ਸੜਕਾਂ ਦੇ ਨਾਮ ਸਿਆਸਤਦਾਨਾਂ ਅਤੇ ਗਲੋਬਲ ਕੰਪਨੀਆਂ ਦੇ ਨਾਮ ‘ਤੇ ਰੱਖਣ ਦੀ ਪਰੰਪਰਾ ਹੈ ਜਿਨ੍ਹਾਂ ਨੇ ਸ਼ਹਿਰ ਦੇ ਵਿਕਾਸ ‘ਚ ਯੋਗਦਾਨ ਪਾਇਆ ਹੈ |
ਦੂਜੇ ਪਾਸੇ ਤੇਲੰਗਾਨਾ ਤੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬੰਦੀ ਸੰਜੇ ਕੁਮਾਰ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਪ੍ਰਸਤਾਵ ਦੀ ਆਲੋਚਨਾ ਕੀਤੀ ਹੈ ਅਤੇ ਹੈਦਰਾਬਾਦ ਦਾ ਨਾਮ ਭਾਗਿਆਨਗਰ ਰੱਖਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ, ਬੰਦੀ ਸੰਜੇ ਕੁਮਾਰ ਨੇ ਲਿਖਿਆ, “ਹੈਦਰਾਬਾਦ ਦਾ ਨਾਮ ਵਾਪਸ ਭਾਗਿਆਨਗਰ ਰੱਖੋ। ਜੇਕਰ ਕਾਂਗਰਸ ਸਰਕਾਰ ਨਾਮ ਬਦਲਣ ਲਈ ਇੰਨੀ ਬੇਤਾਬ ਹੈ, ਤਾਂ ਉਨ੍ਹਾਂ ਨੂੰ ਅਸਲ ਇਤਿਹਾਸ ਅਤੇ ਅਰਥਾਂ ਨਾਲ ਕੁਝ ਕਰਨਾ ਚਾਹੀਦਾ ਹੈ।”
ਉਨ੍ਹਾਂ ਨੇ ਕਿਹਾ ਕਿ ਅਸੀਂ ਕਿੰਨੀ ਭਿਆਨਕ ਸਥਿਤੀ ‘ਚ ਰਹਿੰਦੇ ਹਾਂ – ਇੱਕ ਪਾਸੇ, ਕੇਟੀ ਰਾਮਾ ਰਾਓ ਕੇਸੀਆਰ ਦੇ ਜ਼ਿੰਦਾ ਹੋਣ ਦੇ ਬਾਵਜੂਦ ਏਆਈ ਮੂਰਤੀਆਂ ਬਣਾਉਣ ‘ਚ ਰੁੱਝੇ ਹੋਏ ਹਨ। ਦੂਜੇ ਪਾਸੇ, ਰੇਵੰਤ ਰੈੱਡੀ ਟ੍ਰੈਂਡਿੰਗ ਲੋਕਾਂ ਦੇ ਨਾਮ ‘ਤੇ ਥਾਵਾਂ ਦੇ ਨਾਮ ਬਦਲ ਰਹੇ ਹਨ। ਇਸ ਦੌਰਾਨ, ਭਾਜਪਾ ਇਕਲੌਤੀ ਪਾਰਟੀ ਹੈ ਜੋ ਸੱਚਮੁੱਚ ਸਰਕਾਰ ‘ਤੇ ਸਵਾਲ ਉਠਾ ਰਹੀ ਹੈ ਅਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਅਸਲ ਲੋਕਾਂ ਦੇ ਮੁੱਦੇ ਉਠਾ ਰਹੀ ਹੈ।”
Read More: ਭਾਰਤ ਨੂੰ ਬਿਨਾਂ ਰੁਕਾਵਟ ਤੇਲ ਦੀ ਸਪਲਾਈ ਕਰੇਗਾ ਰੂਸ, 2030 ਤੱਕ ਆਰਥਿਕ ਸਹਿਯੋਗ ‘ਤੇ ਬਣਾਈ ਰਣਨੀਤੀ




