ਚੰਡੀਗੜ੍ਹ, 04 ਦਸੰਬਰ 2025: ਮੰਗਲਵਾਰ ਦੁਪਹਿਰ 12:20 ਵਜੇ ਦੇ ਕਰੀਬ ਕੈਂਬਵਾਲਾ ਰੋਡ ‘ਤੇ ਇੱਕ ਵੱਡਾ ਹਾਦਸਾ ਟਲ ਗਿਆ। ਚੰਡੀਗੜ੍ਹ ਪੁਲਿਸ ਦੇ ਇੱਕ ਏਐਸਆਈ ਨੇ ਕਥਿਤ ਸ਼ਰਾਬ ਦੇ ਨਸ਼ੇ ‘ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ |
ਚਸ਼ਮਦੀਦਾਂ ਦੇ ਮੁਤਾਵਕ ਉਕਤ ਏਐਸਆਈ ਦਲਜੀਤ ਸਿੰਘ ਨੇ ਕਥਿਤ ਤੌਰ ‘ਤੇ ਸ਼ਰਾਬੀ ਪੀਤੀ ਹੋਈ ਸੀ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ | ਵੀਡੀਓ ‘ਚ ਇੱਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਏਐਸਆਈ ਆਪਣੇ ਪਿੱਛੇ ਘੱਟੋ-ਘੱਟ 10 ਵਾਹਨਾਂ ਨੂੰ ਟੱਕਰ ਮਾਰ ਕੇ ਆਇਆ ਹੈ ਅਤੇ ਹੁਣ ਸਕੂਲ ਬੱਸ ਨੂੰ ਟੱਕਰ ਮਾਰੀ, ਜਿਸ ਕਾਰਨ ਉਸਨੂੰ ਮੌਕੇ ‘ਤੇ ਹੀ ਰੋਕਣਾ ਪਿਆ।
ਟੱਕਰ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਅਤੇ ਏਐਸਆਈ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ । ਮੌਕੇ ‘ਤੇ ਮੌਜੂਦ ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ, ਜਿਸ ‘ਚ ਭੀੜ ਉਸਨੂੰ ਝਿੜਕਦੀ ਸੁਣਾਈ ਦੇ ਰਹੀ ਹੈ। ਪੁਲਿਸ ਅਧਿਕਾਰੀ ਨੇ ਵੀ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕਾਰ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੇ ਉਸਨੂੰ ਜ਼ਬਰਦਸਤੀ ਬਾਹਰ ਕੱਢਿਆ।
ਹਾਦਸੇ ‘ਚ ਏਐਸਆਈ ਦੀ ਕਾਰ ਦੀ ਵਿੰਡਸ਼ੀਲਡ ਟੁੱਟ ਗਈ ਅਤੇ ਉਸਦੇ ਚਿਹਰੇ ‘ਤੇ ਵੀ ਸੱਟਾਂ ਲੱਗੀਆਂ। ਖੁਸ਼ਕਿਸਮਤੀ ਨਾਲ ਘਟਨਾ ਸਥਾਨ ‘ਤੇ ਕੋਈ ਪੈਦਲ ਜਾਂ ਸਾਈਕਲ ਸਵਾਰ ਨਹੀਂ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਬਾਅਦ ‘ਚ ਆਪਸੀ ਸਮਝੌਤੇ ਰਾਹੀਂ ਮਾਮਲਾ ਹੱਲ ਕਰ ਲਿਆ ਗਿਆ।
Read More: ਸੜਕ ‘ਤੇ ਚੱਲਦੀ ਪ੍ਰਾਈਵੇਟ AC ਬੱਸ ਨੂੰ ਲੱਗੀ ਅੱ.ਗ, ਸਵਾਰੀਆਂ ਸੁਰੱਖਿਅਤ




