ਚੰਡੀਗੜ੍ਹ/ਲੁਧਿਆਣਾ, 03 ਦਸੰਬਰ 2025: ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਲਾਡੋਵਾਲ, ਲੁਧਿਆਣਾ ਵਿਖੇ ਇੱਕ ਅਤਿ-ਆਧੁਨਿਕ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ|
ਮੋਹਿੰਦਰ ਭਗਤ ਨੇ ਲਾਡੋਵਾਲ ‘ਚ ਬਾਗਬਾਨੀ ਵਿਭਾਗ ਦੁਆਰਾ ਕਰਵਾਏ ਸੂਬਾ ਪੱਧਰੀ ਸੈਮੀਨਾਰ-ਕਮ-ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਅਗਾਮੀ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਪੰਜਾਬ ਭਰ ਦੇ ਕਿਸਾਨਾਂ ਲਈ ਇੱਕ-ਸਟਾਪ ਗਿਆਨ ਕੇਂਦਰ ਵਜੋਂ ਕੰਮ ਕਰੇਗਾ, ਜਿੱਥੇ ਹਰ ਕਿਸਮ ਦੇ ਫਲ, ਸਬਜ਼ੀਆਂ ਅਤੇ ਫੁੱਲਾਂ ਲਈ ਨਵੀਨਤਮ ਹਾਈ-ਟੈਕ ਕਾਸ਼ਤ ਅਭਿਆਸਾਂ ਨੂੰ ਲਾਈਵ ਦਿਖਾਇਆ ਜਾਵੇਗਾ ਅਤੇ ਇੱਥੇ ਪ੍ਰਦਰਸ਼ਨੀ ਸਥਾਨਾਂ ‘ਤੇ ਹੱਥੀਂ ਸਿਖਲਾਈ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਉੱਚ-ਮੁੱਲ ਵਾਲੀਆਂ ਬਾਗਬਾਨੀ ਫਸਲਾਂ ਵੱਲ ਤਬਦੀਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬਾਗਬਾਨੀ ‘ਚ ਹੀ ਕਿਸਾਨਾਂ ਦੀ ਆਮਦਨ ਨੂੰ ਘੱਟ ਤੋਂ ਘੱਟ ਸਮੇਂ ‘ਚ ਦੁੱਗਣਾ ਕਰਨ ਅਤੇ ਖੁਸ਼ਹਾਲੀ ਲਿਆਉਣ ਦੀ ਸਮਰੱਥਾ ਹੈ।
ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਝਿਜਕ ਦੇ ਬਾਗਬਾਨੀ ਵੱਲ ਰੁਖ਼ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਹਰ ਕਦਮ ‘ਤੇ ਵਿਭਾਗ ਵੱਲੋਂ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਇਸ ਮੌਕੇ ਕਿਸਾਨਾਂ ਦੁਆਰਾ ਉਠਾਈਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਅਧਿਕਾਰੀਆਂ ਨੂੰ ਇਸਦੇ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਲਾਡੋਵਾਲ ਕੇਂਦਰ ਵਿਖੇ ਸਾਰੇ ਸਟਾਲਾਂ ਅਤੇ ਆਉਣ ਵਾਲੇ ਬੁਨਿਆਦੀ ਢਾਂਚੇ ਦੇ ਯੂਨਿਟਾਂ ਦਾ ਵੀ ਨਿਰੀਖਣ ਕੀਤਾ।
ਡਾਇਰੈਕਟਰ ਬਾਗਬਾਨੀ ਸ਼ੈਲਿੰਦਰ ਕੌਰ ਨੇ ਦੁਹਰਾਇਆ ਕਿ ਵਿਭਾਗ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਬਾਗਬਾਨੀ ਮਿਸ਼ਨ, ਆਰ.ਕੇ.ਵੀ.ਵਾਈ. ਅਤੇ ਹੋਰ ਸਾਰੀਆਂ ਯੋਜਨਾਵਾਂ ਤਹਿਤ ਵਿੱਤੀ ਸਹਾਇਤਾ ਦੇਣ ਲਈ ਤਿਆਰ ਹੈ। ਉਨ੍ਹਾਂ ਸਹੀ ਤੇ ਸਟੀਕ ਢੰਗ-ਤਰੀਕੇ ਅਤੇ ਡਿਜੀਟਲ ਤਕਨਾਲੋਜੀਆਂ ਨੂੰ ਅਪਣਾ ਕੇ ਲਾਗਤ ਖ਼ਰਚ ਨੂੰ ਘਟਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ।
ਇਸ ਮੌਕੇ ਪ੍ਰਦਰਸ਼ਨੀ ਦੌਰਾਨ ਟੌਪਕੌਨ ਕੰਪਨੀ ਨੇ ਲਾਈਵ ਫੀਲਡ ਪ੍ਰਦਰਸ਼ਨ ਰਾਹੀਂ ਜੀ.ਪੀ.ਐਸ.-ਅਧਾਰਤ ਆਟੋ-ਸਟੀਅਰਿੰਗ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ, ਜਿਸ ‘ਚ ਸਮੇਂ, ਬਾਲਣ, ਬੀਜ, ਖਾਦਾਂ ਅਤੇ ਕੀਟਨਾਸ਼ਕਾਂ ਦੀ ਵੱਡੀ ਬੱਚਤ ਦੇ ਨਾਲ ਇਕਸਾਰ ਬਿਜਾਈ, ਛਿੜਕਾਅ ਅਤੇ ਕਟਾਈ ਨੂੰ ਉਜਾਗਰ ਕੀਤਾ । ਹਾਈਗ੍ਰੋਕਸਿਸ ਹੁਮਿਡੀਆ ਲੈਬ ਪ੍ਰਾਈਵੇਟ ਲਿਮਟਿਡ ਨੇ ਫੌਰੀ ਢੰਗ ਨਾਲ ਮਿੱਟੀ ਦੀ ਡਿਜੀਟਲ ਜਾਂਚ ਵਿਧੀ ਅਤੇ ਮੌਕੇ ‘ਤੇ ਹੀ ਸੌਇਲ ਹੈਲਥ ਕਾਰਡ ਬਣਾਉਣ ਦੇ ਕੰਮ ਨੂੰ ਪ੍ਰਦਰਸ਼ਿਤ ਕੀਤਾ।
Read More: ਮੋਹਿੰਦਰ ਭਗਤ ਵੱਲੋਂ ਬਾਗ਼ਬਾਨੀ ਵਿਭਾਗ ਨਾਲ ‘ਆਪਣਾ ਪਿੰਡ ਆਪਣਾ ਬਾਗ਼’ ਪ੍ਰੋਜੈਕਟਾਂ ਦੀ ਸਮੀਖਿਆ




