ਸਪੋਰਟਸ, 03 ਦਸੰਬਰ 2025: IND ਬਨਾਮ SA T20 Series: ਬੀਸੀਸੀਆਈ ਨੇ ਦੱਖਣੀ ਅਫਰੀਕਾ ਖ਼ਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜਸਪ੍ਰੀਤ ਬੁਮਰਾਹ ਨੂੰ ਵਨਡੇ ਤੋਂ ਆਰਾਮ ਦਿੱਤਾ ਗਿਆ ਹੈ ਅਤੇ ਟੀ-20 ‘ਚ ਸ਼ਾਮਲ ਕੀਤਾ ਗਿਆ ਹੈ। ਹਾਰਦਿਕ ਪੰਡਯਾ ਅਤੇ ਸ਼ੁਭਮਨ ਗਿੱਲ ਵੀ ਟੀਮ ‘ਚ ਵਾਪਸ ਆ ਗਏ ਹਨ। ਟੀ-20 ਸੀਰੀਜ਼ 9 ਦਸੰਬਰ ਤੋਂ ਸ਼ੁਰੂ ਹੋਵੇਗੀ।
ਬੀਸੀਸੀਆਈ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਟੀਮ ਦਾ ਐਲਾਨ ਕੀਤਾ। ਸੂਰਿਆਕੁਮਾਰ ਯਾਦਵ ਟੀ-20 ਟੀਮ ਦੀ ਕਪਤਾਨੀ ਕਰਨਗੇ। ਉਪ-ਕਪਤਾਨ ਸ਼ੁਭਮਨ ਗਿੱਲ ਲਗਭਗ ਦੋ ਹਫ਼ਤਿਆਂ ਬਾਅਦ ਵਾਪਸੀ ਕਰਨਗੇ। ਹਾਲਾਂਕਿ, ਉਹ ਫਿਟਨੈਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਖੇਡ ਸਕਣਗੇ। ਉਹ ਕੋਲਕਾਤਾ ਟੈਸਟ ‘ਚ ਗਰਦਨ ਦੀ ਸਮੱਸਿਆ ਕਾਰਨ ਬਾਹਰ ਹੋ ਗਏ ਸਨ। ਹਾਰਦਿਕ ਪੰਡਯਾ ਵੀ 73 ਦਿਨਾਂ ਬਾਅਦ ਟੀਮ ‘ਚ ਵਾਪਸੀ ਕਰ ਰਹੇ ਹਨ। ਉਹ ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਮੈਚ ਦੌਰਾਨ ਜ਼ਖਮੀ ਹੋ ਗਏ ਸਨ।
ਟੀ-20 ਸੀਰੀਜ਼ ਲਈ ਭਾਰਤੀ ਟੀਮ
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਵਾਸ਼ਿੰਗਟਨ ਸੁੰਦਰ।
ਰਿੰਕੂ ਸਿੰਘ ਅਤੇ ਨਿਤੀਸ਼ ਕੁਮਾਰ ਰੈਡੀ, ਜੋ ਆਸਟ੍ਰੇਲੀਆ ਵਿਰੁੱਧ ਪਿਛਲੀ ਟੀ-20 ਸੀਰੀਜ਼ ਦਾ ਹਿੱਸਾ ਸਨ, ਇਸ ਵਾਰ ਉਨ੍ਹਾਂ ਨੂੰ ਟੀਮ ‘ਚ ਮੌਕਾ ਨਹੀਂ ਮਿਲਿਆ। ਰਿੰਕੂ ਨੇ ਆਸਟ੍ਰੇਲੀਆ ਦੌਰੇ ਦੌਰਾਨ ਸਿਰਫ਼ ਇੱਕ ਮੈਚ ਖੇਡਿਆ, ਪਰ ਬੱਲੇਬਾਜ਼ੀ ਨਹੀਂ ਕੀਤੀ। ਉਹ ਇਸ ਸਮੇਂ ਮੁਸ਼ਤਾਕ ਅਲੀ ਟੂਰਨਾਮੈਂਟ ‘ਚ ਉੱਤਰ ਪ੍ਰਦੇਸ਼ ਲਈ ਟੀ-20 ਖੇਡ ਰਿਹਾ ਹੈ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਨਵੀਂ ਜਰਸੀ ਲਾਂਚ

ਬੀਸੀਸੀਆਈ ਨੇ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਨਵੀਂ ਜਰਸੀ ਵੀ ਲਾਂਚ ਕੀਤੀ ਹੈ। ਜਰਸੀ ਦਾ ਉਦਘਾਟਨ ਰਾਏਪੁਰ ‘ਚ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਦੀ ਮੌਜੂਦਗੀ ‘ਚ ਕੀਤਾ ਗਿਆ। ਟੀ-20 ਟੀਮ ਦੇ ਮੈਂਬਰ ਤਿਲਕ ਵਰਮਾ ਅਤੇ ਟੂਰਨਾਮੈਂਟ ਬ੍ਰਾਂਡ ਅੰਬੈਸਡਰ ਰੋਹਿਤ ਸ਼ਰਮਾ ਵੀ ਮੌਜੂਦ ਸਨ |
Read More: ICC ਨੇ ਨਿਯਮਾਂ ਦੀ ਉਲੰਘਣਾ ਕਾਰਨ ਭਾਰਤੀ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਦਿੱਤਾ ਡੀਮੈਰਿਟ ਪੁਆਇੰਟ




