MP Satnam Singh Sandhu

MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਗੁਰਪੁਰਬ ਮੌਕੇ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ, 2 ਦਸੰਬਰ 2025: ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮੁੱਦਾ ਚੁੱਕਿਆ। ਜਿਕਰਯੋਗ ਹੈ ਕਿ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 1900 ਲੋਕਾਂ ਦਾ ਜੱਥਾ ਭਾਰਤ ਤੋਂ ਪਾਕਿਸਤਾਨ ਗਿਆ ਸੀ, ਜਿਸ ‘ਚ ਸਿੱਖਾਂ ਦੇ ਨਾਲ ਨਾਲ 14 ਹਿੰਦੂ ਵੀ ਸ਼ਾਮਲ ਸਨ, ਪਰ ਉਨ੍ਹਾਂ ਨੂੰ ਧਰਮ ਦਾ ਹਵਾਲਾ ਦੇ ਕੇ ਸਰਹੱਦ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਸੀ।

ਇਸ ਘਟਨਾ ਨੂੰ ਭੇਵਭਾਵ ਨਾਲ ਭਰਪੂਰ ਅਤੇ ਭਾਵਨਾਵਾਂ ਨੂੰ ਭੜਕਾਉਣ ਵਾਲਾ ਦੱਸਦਿਆਂ ਐਮਪੀ ਸੰਧੂ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ‘ਸਪੈਸ਼ਨ ਮੈਨਸ਼ਨ’ ਦੌਰਾਨ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਹਿੰਦੂ ਸ਼ਰਧਾਲੂਆਂ ਨੂੰ ਰੋਕਣ ਦੀ ਘਟਨਾ ਨਿੰਦਣਯੋਗ ਹੈ। ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਜੱਥੇ ਨੇ ਪੂਰੀ ਪ੍ਰਕਿਰਿਆ ਦੇ ਤਹਿਤ ਵੀਜ਼ੇ ਲਈ ਬੇਨਤੀ ਕੀਤੀ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਮਨਜ਼ੂਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਾਕਿਸਤਾਨ ‘ਚ ਜਾਣ ਨਹੀਂ ਦਿੱਤਾ ਗਿਆ। ਇਹ ਨਾ ਸਿਰਫ਼ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਹੈ, ਬਲਕਿ ਭਾਰਤ ਦੇ ਕਰੋੜਾਂ ਸ਼ਰਧਾਲੂਆਂ ਦੇ ਵਿਸ਼ਵਾਸ ਨੂੰ ਸੱਟ ਪਹੁੰਚਾਉਣ ਵਾਲੀ ਗੱਲ ਹੈ।”

ਇਸ ਸਾਲ ਭਾਰਤ ਤੋਂ 2100 ਲੋਕਾਂ ਦੇ ਜੱਥੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਮਿਲੀ ਸੀ, ਜਿਨ੍ਹਾਂ ‘ਚੋਂ 1900 ਜਣਿਆਂ ਦਾ ਜੱਥਾ 4 ਨਵੰਬਰ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ‘ਚ ਦਾਖ਼ਲ ਹੋਇਆ ਸੀ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ 14 ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ‘ਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਤੋਂ ਸ਼ਰਧਾਲੂਆਂ ਦਾ ਜੱਥਾ ਹਰ ਸਾਲ ਚਾਰ ਵੱਖ-ਵੱਖ ਮੌਕਿਆਂ ‘ਤੇ ਪਾਕਿਸਤਾਨ ‘ਚ ਪਵਿੱਤਰ ਅਸਥਾਨਾਂ ‘ਤੇ ਮੱਥਾ ਟੇਕਣ ਲਈ ਜਾਂਦਾ ਹੈ।

ਇਸ ਦੇ ਨਾਲ ਹੀ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਰੇਸ਼ਨ ਸੰਧੂਰ ਅਤੇ ਪਾਕਿਸਤਾਨ ਨਾਲ ਤਣਾਅ ਦੇ ਬਾਵਜੂਦ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਨੂੰ ਜਾਰੀ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖਾਂ ਦੇ ਹੀ ਨਹੀਂ, ਬਲਕਿ ਹਿੰਦੂਆਂ ਦੇ ਵੀ ਗੁਰੂ ਹਨ।

ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਸਾਡੇ ਲਈ ਸੱਭਿਆਚਾਰਕ, ਧਾਰਮਿਕ ਅਤੇ ਅਧਿਆਤਮਕ ਰੂਪ ਵਿੱਚ ਵੀ ਬੇਹੱਦ ਅਹਿਮ ਹੈ। ਪਾਕਿਸਤਾਨ ਵੱਲੋਂ ਵਾਰ-ਵਾਰ ਆਖ਼ਰੀ ਸਮੇਂ ‘ਤੇ ਰੋਕ ਲਗਾਉਣਾ ਅਤੇ ਪ੍ਰਕਿਰਿਆ ‘ਚ ਰੁਕਾਵਟ ਪੈਦਾ ਕਰਨਾ ਇਹ ਦਰਸਾਉਂਦਾ ਹੈ ਕਿ ਗੁਆਂਢੀ ਮੁਲਕ ਨਾ ਤਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹੈ ਅਤੇ ਨਾ ਹੀ ਉਸ ਨੂੰ ਆਪਣਾ ਕੋਈ ਵਾਅਦਾ ਯਾਦ ਰਹਿੰਦਾ ਹੈ।”

ਐਮਪੀ ਸਤਨਾਮ ਸਿੰਘ ਸੰਧੂ ਨੇ ਇਸ ਮਾਮਲੇ ‘ਤੇ ਸਰਕਾਰ ਨੂੰ ਪਾਕਿਸਤਾਨ ਨਾਲ ਇਸ ਮੁੱਦੇ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਭਾਰਤੀ ਸ਼ਰਧਾਲੂਆਂ ਨਾਲ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਕੋਈ ਇੱਕ-ਦੋ ਵਾਰ ਦੀ ਗ਼ਲਤੀ ਨਹੀਂ, ਬਲਕਿ ਲਗਾਤਾਰ ਚੱਲਦੀ ਆ ਰਹੀ ਸਮੱਸਿਆ ਹੈ। ਇਸ ਕਰਕੇ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਲੋੜ ਹੈ, ਤਾਂ ਜੋ ਭਾਰਤੀ ਸ਼ਰਧਾਲੂਆਂ ਨੂੰ ਭਵਿੱਖ ‘ਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਨਾ ਆਉਣ।”

Read More: ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ 5ਵੇਂ ਫੈਪ ਕੌਮੀ ਪੁਰਸਕਾਰ 2025 ਦੀ ਸ਼ੁਰੂਆਤ

Scroll to Top