Bihar Police Encounter

ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ‘ਚ ਐਨਕਾਊਂਟਰ, ਬਦਮਾਸ਼ ਸ਼ਿਵਦੱਤ ਰਾਏ ਜ਼ਖਮੀ

ਬਿਹਾਰ, 22 ਨਵੰਬਰ 2025: ਬਿਹਾਰ ‘ਚ ਨਵੀਂ ਸਰਕਾਰ ਬਣਦੇ ਹੀ ਬੇਗੂਸਰਾਏ ਜ਼ਿਲ੍ਹੇ ‘ਚ ਅਪਰਾਧੀਆਂ ਵਿਰੁੱਧ ਪੁਲਿਸ ਮੁਹਿੰਮ ਲਗਾਤਾਰ ਤੇਜ਼ ਹੋ ਰਹੀ ਹੈ। ਦੋ ਦਿਨ ਪਹਿਲਾਂ ਤੇਘੜਾ ‘ਚ ਹੋਏ ਮੁਕਾਬਲੇ ਤੋਂ ਬਾਅਦ, ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ (STF) ਦੀ ਇੱਕ ਸਾਂਝੀ ਟੀਮ ਨੇ ਸਾਹਿਬਪੁਰ ਕਮਾਲ ਪੁਲਿਸ ਸਟੇਸ਼ਨ ਖੇਤਰ ‘ਚ ਇੱਕ ਹੋਰ ਵੱਡਾ ਆਪ੍ਰੇਸ਼ਨ ਕੀਤਾ ਹੈ।

ਬੀਤੀ ਦੇਰ ਰਾਤ ਮੱਲ੍ਹੀਪੁਰ ਅਤੇ ਸ਼ਾਲੀਗ੍ਰਾਮੀ ਪਿੰਡਾਂ ਵਿਚਾਲੇ ਹੋਏ ਮੁਕਾਬਲੇ ‘ਚ ਬਦਮਾਸ਼ ਸ਼ਿਵਦੱਤ ਰਾਏ ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਅਧਿਕਾਰਤ ਬਿਆਨ ਦੀ ਉਡੀਕ ਹੈ। ਇਹ ਘਟਨਾਕ੍ਰਮ ਭਾਜਪਾ ਆਗੂ ਅਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਨਿਤੀਸ਼ ਕੁਮਾਰ ਸਰਕਾਰ ‘ਚ ਗ੍ਰਹਿ ਵਿਭਾਗ ਦਾ ਚਾਰਜ ਸੌਂਪੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਪਹਿਲਾਂ, ਨਿਤੀਸ਼ ਕੁਮਾਰ ਨੇ ਲਗਭਗ ਦੋ ਦਹਾਕਿਆਂ ਤੱਕ ਇਹ ਪੋਰਟਫੋਲੀਓ ਸੰਭਾਲਿਆ ਸੀ।

ਰਿਪੋਰਟਾਂ ਦੇ ਅਨੁਸਾਰ, ਸਪੈਸ਼ਲ ਟਾਸਕ ਫੋਰਸ (STF) ਨੂੰ ਵੀਰਵਾਰ ਦੇਰ ਰਾਤ ਖੁਫੀਆ ਜਾਣਕਾਰੀ ਮਿਲੀ ਕਿ ਤੇਘੜਾ ਪੁਲਿਸ ਸਟੇਸ਼ਨ ਖੇਤਰ ਦਾ ਇੱਕ ਬਦਮਾਸ਼ ਸ਼ਿਵਦੱਤ ਰਾਏ ਹਥਿਆਰ ਖਰੀਦਣ ਲਈ ਮਾਲੀਪੁਰ ਖੇਤਰ ‘ਚ ਪਹੁੰਚਣ ਵਾਲਾ ਸੀ। ਸੂਚਨਾ ਮਿਲਣ ‘ਤੇ, ਐਸਟੀਐਫ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਲਾਕੇ ਨੂੰ ਘੇਰ ਲਿਆ।

ਜਿਵੇਂ ਹੀ ਪੁਲਿਸ ਟੀਮ ਸ਼ਾਲੀਗ੍ਰਾਮ ਪਿੰਡ ਦੇ ਨੇੜੇ ਪਹੁੰਚੀ, ਦੋ ਬਾਈਕ ਸਵਾਰ ਲਗਭਗ ਛੇ ਅਪਰਾਧੀਆਂ ਨੇ ਅਚਾਨਕ ਪੁਲਿਸ ‘ਤੇ ਕਥਿਤ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ‘ਚ ਜਵਾਬੀ ਕਾਰਵਾਈ ਕੀਤੀ। ਇੱਕ ਗੋਲੀ ਸ਼ਿਵਦੱਤ ਰਾਏ ਦੇ ਪੱਟ ‘ਚ ਲੱਗੀ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਉਸਦੇ ਪੰਜ ਹੋਰ ਸਾਥੀ ਹਨੇਰੇ ‘ਚ ਭੱਜ ਗਏ।

Read More: ਬਿਹਾਰ ਦੀ ਨਵੀਂ ਸਰਕਾਰ ‘ਚ 14 ਭਾਜਪਾ ਮੰਤਰੀ, 26 ਮੰਤਰੀਆਂ ਨੇ ਚੁੱਕੀ ਸਹੁੰ

Scroll to Top