ਵਿਦੇਸ਼, 21 ਨਵੰਬਰ 2025: ਵੀਰਵਾਰ ਦੁਪਹਿਰ ਨੂੰ ਬ੍ਰਾਜ਼ੀਲ ਦੇ ਬੀਲੇਮ ‘ਚ COP30 ਜਲਵਾਯੂ ਸੰਮੇਲਨ ਦੇ ਮੁੱਖ ਸਥਾਨ ਬਲੂ ਜ਼ੋਨ ‘ਚ ਅੱਗ ਲੱਗ ਗਈ । ਇਸ ਹਾਦਸੇ ‘ਚ ਘੱਟੋ-ਘੱਟ 13 ਜਣੇ ਜ਼ਖਮੀ ਹੋ ਗਏ। ਅੱਗ ਲੱਗਣ ਦੇ ਨਾਲ ਹੀ ਹਜ਼ਾਰਾਂ ਡੈਲੀਗੇਟ, ਅਧਿਕਾਰੀ, ਪੱਤਰਕਾਰ ਅਤੇ ਸਟਾਫ ਸੁਰੱਖਿਅਤ ਥਾਵਾਂ ‘ਤੇ ਪਹੁੰਚ ਗਏ। ਮੌਕੇ ‘ਤੇ ਮੌਜੂਦ ਹਜ਼ਾਰਾਂ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਕਿਸੇ ਬਿਜਲੀ ਦੇ ਯੰਤਰ, ਸੰਭਵ ਤੌਰ ‘ਤੇ ਮਾਈਕ੍ਰੋਵੇਵ ਤੋਂ ਲੱਗੀ ਸੀ।
ਅੱਗ ਲੱਗਣ ਦੇ ਸਮੇਂ ਭਾਰਤ ਦੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਵੀ ਭਾਰਤੀ ਵਫ਼ਦ ਦੇ ਨਾਲ ਮੌਜੂਦ ਸਨ। ਹਾਲਾਂਕਿ, ਉਹ ਅਤੇ ਹੋਰ ਅਧਿਕਾਰੀ ਸੁਰੱਖਿਅਤ ਸਥਾਨ ਤੋਂ ਬਾਹਰ ਨਿਕਲ ਗਏ।
ਦ ਨਿਊਯਾਰਕ ਟਾਈਮਜ਼ ਦੇ ਮੁਤਾਬਕ ਇੱਕ ਕਨਵੈਨਸ਼ਨ ਹਾਲ ਦੇ ਅੰਦਰ ਇੱਕ ਮੰਡਪ ‘ਚ ਸਥਾਨਕ ਸਮੇਂ ਮੁਤਾਬਕ ਦੁਪਹਿਰ 2:00 ਵਜੇ (ਰਾਤ 10:30 ਵਜੇ ਭਾਰਤੀ ਸਮੇਂ ਮੁਤਾਬਕ ) ਅੱਗ ਲੱਗ ਗਈ। ਘਟਨਾ ਦੇ ਸਮੇਂ, 190 ਤੋਂ ਵੱਧ ਦੇਸ਼ਾਂ ਦੇ 50,000 ਤੋਂ ਵੱਧ ਡਿਪਲੋਮੈਟ, ਪੱਤਰਕਾਰ ਅਤੇ ਕਾਰਕੁਨ ਮੰਡਪ ‘ਚ ਮੌਜੂਦ ਸਨ।
ਸੰਯੁਕਤ ਰਾਸ਼ਟਰ ਦੇ ਇੱਕ ਸੁਰੱਖਿਆ ਅਧਿਕਾਰੀ ਦੇ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਪਰ ਸੁਰੱਖਿਆ ਜਾਂਚਾਂ ਕਾਰਨ ਫਿਲਹਾਲ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਿਤੀ ਦਾ ਪੂਰਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਸਾਰੇ 13 ਜ਼ਖਮੀਆਂ ਦਾ ਮੌਕੇ ‘ਤੇ ਹੀ ਧੂੰਏਂ ਦੇ ਸਾਹ ਲੈਣ ਕਾਰਨ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 190 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਇਸ ਕਾਨਫਰੰਸ ‘ਚ ਸ਼ਾਮਲ ਹੋ ਰਹੇ ਹਨ। COP30 ਜਲਵਾਯੂ ਸੰਮੇਲਨ 10 ਨਵੰਬਰ ਤੋਂ 21 ਨਵੰਬਰ ਤੱਕ ਐਮਾਜ਼ਾਨ ਖੇਤਰ ਦੇ ਬੀਲੇਮ ਸ਼ਹਿਰ ‘ਚ ਹੋ ਰਿਹਾ ਹੈ।
Read More: ਸਾਊਦੀ ਅਰਬ ‘ਚ ਹੀ ਦਫ਼ਨਾਏ ਜਾਣਗੇ ਮ੍ਰਿਤਕ 45 ਭਾਰਤੀ ਨਾਗਰਿਕ, ਬੱਸ ਹਾਦਸੇ ‘ਚ ਗਈ ਜਾਨ




