ਸਪੋਰਟਸ, 20 ਨਵੰਬਰ 2025: AUS ਬਨਮ ENG Ashes series: ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਲਈ ਪਲੇਇੰਗ ਇਲੈਵਨ ਜਾਰੀ ਕਰ ਦਿੱਤਾ ਹੈ। ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ 21 ਨਵੰਬਰ ਨੂੰ ਪਰਥ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 7:50 ਵਜੇ ਸ਼ੁਰੂ ਹੋਵੇਗਾ।
ਜੈਕ ਵੇਦਰਾਲਡ ਅਤੇ ਬ੍ਰੈਂਡਨ ਡੌਗੇਟ ਇਸ ਮੈਚ ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨਗੇ। ਤਸਮਾਨੀਆ ਦੇ ਓਪਨਰ ਜੈਕ ਉਸਮਾਨ ਖਵਾਜਾ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ, ਜਦੋਂ ਕਿ ਕਵੀਂਸਲੈਂਡ ਦੇ ਤੇਜ਼ ਗੇਂਦਬਾਜ਼ ਬ੍ਰੈਂਡਨ ਤੀਜੇ ਤੇਜ਼ ਗੇਂਦਬਾਜ਼ ਵਜੋਂ ਖੇਡਣਗੇ।
ਆਸਟ੍ਰੇਲੀਆ ਇਸ ਸਮੇਂ ਐਸ਼ੇਜ਼ ਟਰਾਫੀ ‘ਤੇ ਕਾਬਜ਼ ਹੈ। ਟੀਮ ਨੇ 2021 ਸੀਜ਼ਨ ‘ਚ ਪੰਜ ‘ਚੋਂ ਚਾਰ ਮੈਚ ਜਿੱਤੇ, ਜਿਸ ‘ਚੋਂ ਇੱਕ ਮੈਚ ਡਰਾਅ ਰਿਹਾ। 2023 ਦੀ ਸੀਰੀਜ਼ ਫਿਰ 2-2 ਨਾਲ ਡਰਾਅ ਹੋ ਗਈ।
ਪਹਿਲੇ ਟੈਸਟ ਮੈਚ ਲਈ ਆਸਟ੍ਰੇਲੀਆ ਟੀਮ ‘ਚ ਸਟੀਵ ਸਮਿਥ (ਕਪਤਾਨ), ਉਸਮਾਨ ਖਵਾਜਾ, ਜੇਕ ਵੇਦਰਾਲਡ, ਮਾਰਨਸ ਲਾਬੂਸ਼ੇਨ, ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਬ੍ਰੈਂਡਨ ਡੌਗੇਟ ਅਤੇ ਸਕਾਟ ਬੋਲੈਂਡ ਸ਼ਾਮਲ ਹਨ।
ਬ੍ਰੈਂਡਨ ਡੌਗੇਟ ਦਾ ਡੈਬਿਊ
13 ਨਵੰਬਰ ਨੂੰ, ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਸ਼ੈਫੀਲਡ ਸ਼ੀਲਡ ਮੈਚ ‘ਚ ਸੱਟ ਲੱਗ ਗਈ ਸੀ। ਸਿਡਨੀ ਕ੍ਰਿਕਟ ਗਰਾਊਂਡ ‘ਤੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਕਾਰ ਮੈਚ ਦੌਰਾਨ ਉਨ੍ਹਾਂ ਦੇ ਸੱਜੇ ਹੈਮਸਟ੍ਰਿੰਗ ‘ਚ ਜਕੜਨ ਦਾ ਅਨੁਭਵ ਹੋਇਆ। ਬ੍ਰੈਂਡਨ ਡੌਗੇਟ ਇਸ ਮੈਚ ‘ਚ ਆਪਣਾ ਡੈਬਿਊ ਕਰਨਗੇ। ਟੀਮ ਦੇ ਕਪਤਾਨ ਪੈਟ ਕਮਿੰਸ ਵੀ ਨਹੀਂ ਖੇਡ ਰਹੇ ਹਨ।
ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਐਸ਼ੇਜ਼ ‘ਚ ਆਸਟ੍ਰੇਲੀਆ ਦਾ ਹੱਥ ਸਭ ਤੋਂ ਉੱਪਰ ਹੈ। ਹੁਣ ਤੱਕ ਦੋਵਾਂ ਦੇਸ਼ਾਂ ਵਿਚਕਾਰ 73 ਸੀਰੀਜ਼ ਖੇਡੀਆਂ ਗਈਆਂ ਹਨ। ਆਸਟ੍ਰੇਲੀਆ ਨੇ ਇਨ੍ਹਾਂ ਸੀਰੀਜ਼ਾਂ ‘ਚੋਂ 34 ਜਿੱਤੀਆਂ ਹਨ, ਜਦੋਂ ਕਿ ਇੰਗਲੈਂਡ ਨੇ 32 ਜਿੱਤੀਆਂ ਹਨ। ਬਾਕੀ ਸੱਤ ਸੀਰੀਜ਼ ਡਰਾਅ ਰਹੀਆਂ।
Read More: AUS ਬਨਾਮ ENG: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਪਹਿਲੇ ਐਸ਼ੇਜ਼ ਟੈਸਟ ਤੋਂ ਬਾਹਰ




