ਚੰਡੀਗੜ੍ਹ, 18 ਨਵੰਬਰ 2025: ਪੰਜਾਬ ਸਰਕਾਰ ਲੋਕਾਂ ਦੇ ਸਿਹਤ ਨੂੰ ਪ੍ਰਮੁੱਖ ਤਰਜੀਹ ਦਿੰਦਿਆ ‘ਅਨੀਮੀਆ ਮੁਕਤ ਪੰਜਾਬ’ ਮਿਸ਼ਨ ਚਲਾ ਰਹੀ ਹੈ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਲੱਖਾਂ ਮਾਵਾਂ, ਧੀਆਂ ਅਤੇ ਬੱਚਿਆਂ ਦੀ ਜ਼ਿੰਦਗੀ ਸੁਰੱਖਿਅਤ ਬਣਾਉਣ ਦਾ ਫ਼ੈਸਲਾ ਹੈ।
ਪੰਜਾਬ ਸਰਕਾਰ ਮੁਤਾਬਕ ਸਰਕਾਰੀ ਸਕੂਲਾਂ ‘ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਦੀਆਂ ਤਕਰੀਬਨ 60 ਹਜ਼ਾਰ ਵਿਦਿਆਰਥਣਾਂ ਦੀ ਖੂਨ ਜਾਂਚ ਕੀਤੀ ਜਾ ਰਹੀ ਹੈ। ਉਦੇਸ਼ ਹੈ ਕਿ ਕੋਈ ਵੀ ਬੱਚੀ ਅਨੀਮੀਆ ਨਾਲ ਪੀੜਤ ਨਾ ਰਹੇ, ਕਿਉਂਕਿ ਤੰਦਰੁਸਤ ਧੀ ਹੀ ਤੰਦਰੁਸਤ ਪੰਜਾਬ ਦੀ ਨੀਹ ਹੈ। ਸਿਹਤ ਵਿਭਾਗ ਨੂੰ ਆਧੁਨਿਕ ਟੈਕਨੋਲੋਜੀ ਨਾਲ ਬਣੇ ਉਪਕਰਣ ਦਿੱਤੇ ਹਨ ਜਿਨ੍ਹਾਂ ਨਾਲ ਬਿਨਾਂ ਸੂਈ ਚੁਭਾਏ ਹੀਮੋਗਲੋਬਿਨ ਦੀ ਜਾਂਚ ਕੀਤੀ ਜਾ ਸਕਦੀ ਹੈ। ਇਹ ਸਿਸਟਮ ਜਾਂਚ ਨੂੰ ਆਸਾਨ ਤੇ ਬਿਨਾ ਦਰਦ ਵਾਲਾ ਬਣਾਉਂਦਾ ਹੈ ਅਤੇ ਇਸ ਨਾਲ ਪੀੜਤ ਬੱਚੀਆਂ ਦਾ ਤੁਰੰਤ ਇਲਾਜ ਵੀ ਹੋਣ ਯਕੀਨੀ ਹੁੰਦਾ ਹੈ।
‘ਆਪ’ ਸਰਕਾਰ ਦਾ ਕਹਿਣਾ ਹੈ ਕਿ ਆਇਰਨ-ਫੋਲਿਕ ਐਸਿਡ (ਆਈਐਫਏ) ਗੋਲੀਆਂ ਦੇ ਵੰਡ ਤੇ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਸੁਧਾਰਨ ’ਤੇ ਖਾਸ ਧਿਆਨ ਦਿੱਤਾ ਹੈ। ਪਿੰਡਾਂ ਅਤੇ ਸ਼ਹਿਰਾਂ ‘ਚ ਲਗਭੱਗ 7.27 ਲੱਖ ਬੱਚਿਆਂ ਅਤੇ 2.06 ਲੱਖ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਂਗਨਬਾੜੀ ਕੇਂਦਰਾਂ ਅਤੇ ਆਸ਼ਾ ਵਰਕਰਾਂ ਰਾਹੀਂ ਆਈਐਫਏ ਗੋਲੀਆਂ ਪੂਰੀ ਤਰ੍ਹਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਨਾਲ, ਮਿਡ-ਡੇ ਮੀਲ ਦੀ ਪੌਸ਼ਟਿਕਤਾ ਵਧਾ ਕੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅਨੀਮੀਆ ਤੋਂ ਬਚਾਅ ਲਈ ਜਾਗਰੂਕਤਾ ਅਤੇ ਲੋਕਾਂ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਪੰਜਾਬ ਸਰਕਾਰ ਲੋਕਾਂ ਨੂੰ ਸੰਤੁਲਿਤ ਤੇ ਪੋਸ਼ਟਿਕ ਭੋਜਨ ਖਾਣ ਲਈ ਜਾਗਰੂਕ ਕਰ ਰਹੀ ਹੈ ਅਤੇ ਬਾਜ਼ਾਰੀ ਅਸਿਹਤਮੰਦ ਖਾਣੇ ਤੋਂ ਬਚਣ ਦੀ ਸਲਾਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਇਹ ਸਾਫ਼ ਸੁਨੇਹਾ ਦਿੰਦੀ ਹੈ ਕਿ ਸਰਕਾਰ ਸਿਹਤ ਮਾਮਲਿਆਂ ’ਤੇ ਬਹੁਤ ਗੰਭੀਰ ਹੈ ਤੇ ਹਰ ਨਾਗਰਿਕ ਨੂੰ ਤੰਦਰੁਸਤ ਜੀਵਨ ਦੀ ਗਾਰੰਟੀ ਦਿੰਦੀ ਹੈ।
Read More: ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨੂੰ ਮਨਜੂਰੀ: ਹਰਪਾਲ ਸਿੰਘ ਚੀਮਾ




