ਚੰਡੀਗੜ੍ਹ, 18 ਨਵੰਬਰ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਤ ਵਿਭਾਗ ਨੇ ਪਸ਼ੂ ਪਾਲਣ ਵਿਭਾਗ ‘ਚ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਸਬੰਧੀ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ |
ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ‘ਚ ਇਸ ਵੇਲੇ ਵੈਟਰਨਰੀ ਇੰਸਪੈਕਟਰਾਂ ਲਈ ਕੁੱਲ 2010 ਮਨਜੂਰ ਅਸਾਮੀਆਂ ਹਨ ਅਤੇ ਇਨ੍ਹਾਂ ਅਸਾਮੀਆਂ ‘ਚੋਂ 345 ਅਸਾਮੀਆਂ ਖਾਲੀ ਹਨ ਅਤੇ 1665 ਵੈਟਰਨਰੀ ਇੰਸਪੈਕਟਰ ਕੰਮ ਕਰ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਵਿੱਤ ਵਿਭਾਗ ਨੇ ਇਨ੍ਹਾਂ 345 ਖਾਲੀ ਅਸਾਮੀਆਂ ਨੂੰ ਪੜਾਅਵਾਰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਇਸ ‘ਚੋਂ 150 ਅਸਾਮੀਆਂ ਪਹਿਲੇ ਪੜਾਅ ‘ਚ ਚਾਲੂ ਵਿੱਤੀ ਸਾਲ 2025-26 ਦੌਰਾਨ ਭਰੀਆਂ ਜਾਣਗੀਆਂ ਅਤੇ ਬਾਕੀ ਰਹਿੰਦੀਆਂ 195 ਅਸਾਮੀਆਂ ਅਗਲੇ ਵਿੱਤੀ ਸਾਲ 2026-27 ਦੌਰਾਨ ਦੂਜੇ ਪੜਾਅ ‘ਚ ਭਰੀਆਂ ਜਾਣਗੀਆਂ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨਾਲ ਬੈਠਕ ਦੌਰਾਨ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਪਸ਼ੂ ਪਾਲਣ ਵਿਭਾਗ ਵੱਲੋਂ ਦੱਸਿਆ ਸੀ ਕਿ ਪੰਜਾਬ ਦੇ 22 ਵੈਟਰਨਰੀ ਪੌਲੀਕਲੀਨਿਕਾਂ ‘ਚ ਇਲਾਜ ਕਰਵਾਉਣ ਵਾਲੇ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਵਿਭਾਗ ‘ਚ ਸਟਾਫ ਦੀ ਘਾਟ ਪੇਸ਼ ਆ ਰਹੀ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਸੂਬੇ ‘ਚ 22 ਵੈਟਰਨਰੀ ਪੌਲੀਕਲੀਨਿਕ, 1,367 ਪਸ਼ੂ ਹਸਪਤਾਲ ਅਤੇ 1,489 ਪਸ਼ੂ ਡਿਸਪੈਂਸਰੀਆਂ ਦੇ ਵਿਸ਼ਾਲ ਨੈਟਵਰਕ ਰਾਹੀਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
Read More: ਹੜ੍ਹਾਂ ਦੇ ਬਾਵਜੂਦ ਪੰਜਾਬ ਦੀ GST ਕਮਾਈ ‘ਚ 21.5% ਦਾ ਵਾਧਾ ਦਰਜ: ਹਰਪਾਲ ਸਿੰਘ ਚੀਮਾ




