ਸਾਊਦੀ ਅਰਬ ਬੱਸ ਹਾਦਸਾ

ਸਾਊਦੀ ਅਰਬ ‘ਚ ਹੀ ਦਫ਼ਨਾਏ ਜਾਣਗੇ ਮ੍ਰਿਤਕ 45 ਭਾਰਤੀ ਨਾਗਰਿਕ, ਬੱਸ ਹਾਦਸੇ ‘ਚ ਗਈ ਜਾਨ

ਸਾਊਦੀ ਅਰਬ, 18 ਨਵੰਬਰ 2025: ਐਤਵਾਰ ਦੇਰ ਰਾਤ ਸਾਊਦੀ ਅਰਬ ਦੇ ਮੱਕਾ-ਮਦੀਨਾ ਹਾਈਵੇਅ ‘ਤੇ ਬੱਸ ਹਾਦਸੇ ‘ਚ ਮਾਰੇ ਗਏ 45 ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਪਸ ਭਾਰਤ ਨਹੀਂ ਭੇਜਿਆ ਜਾਵੇਗਾ। ਉਹ ਉਮਰਾਹ (ਇਸਲਾਮੀ ਤੀਰਥ ਯਾਤਰਾ) ਲਈ ਸਾਊਦੀ ਅਰਬ ਗਏ ਸਨ।

ਤੇਲੰਗਾਨਾ ਕੈਬਨਿਟ ਨੇ ਕੱਲ੍ਹ ਫੈਸਲਾ ਕੀਤਾ ਕਿ ਮ੍ਰਿਤਕਾਂ ਨੂੰ ਉਨ੍ਹਾਂ ਦੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸਾਊਦੀ ਅਰਬ ‘ਚ ਦਫ਼ਨਾਇਆ ਜਾਵੇਗਾ। ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਹਰੇਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਾਊਦੀ ਅਰਬ ਭੇਜਿਆ ਜਾਵੇਗਾ।

ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਿਸ਼ਤੇਦਾਰਾਂ ਨੂੰ ਲਾਸ਼ਾਂ ਨੂੰ ਭਾਰਤ ਵਾਪਸ ਲਿਆਉਣ ਜਾਂ ਮਦੀਨਾ ਦੇ ਜੰਨਤੁਲ ਬਾਕੀ ਵਿਖੇ ਦਫ਼ਨਾਉਣ ਦਾ ਵਿਕਲਪ ਦਿੱਤਾ ਜਾਵੇਗਾ। ਹਾਲਾਂਕਿ, ਸਾਊਦੀ ਕਾਨੂੰਨ ਲਾਸ਼ਾਂ ਨੂੰ ਵਾਪਸ ਭੇਜਣਾ ਮੁਸ਼ਕਿਲ ਬਣਾਉਂਦਾ ਹੈ। ਪੀੜਤਾਂ ਦੇ ਪਰਿਵਾਰਾਂ ਲਈ ਤੁਰੰਤ ਮੁਆਵਜ਼ਾ ਪ੍ਰਾਪਤ ਕਰਨਾ ਵੀ ਮੁਸ਼ਕਿਲ ਹੈ, ਕਿਉਂਕਿ ਸਾਊਦੀ ਅਰਬ ਸੜਕ ਹਾਦਸਿਆਂ ਲਈ ਸਿੱਧਾ ਸਰਕਾਰੀ ਮੁਆਵਜ਼ਾ ਪ੍ਰਦਾਨ ਨਹੀਂ ਕਰਦਾ ਹੈ।

ਮੁਆਵਜ਼ਾ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਪੁਲਿਸ ਜਾਂਚ ਸਾਬਤ ਕਰਦੀ ਹੈ ਕਿ ਟੈਂਕਰ ਡਰਾਈਵਰ ਜਾਂ ਕੰਪਨੀ ਗਲਤ ਹੈ ਅਤੇ ਪਰਿਵਾਰ ਕਾਨੂੰਨੀ ਦਾਅਵਾ ਦਾਇਰ ਕਰਦੇ ਹਨ। ਇਸ ਪ੍ਰਕਿਰਿਆ ‘ਚ ਕਈ ਮਹੀਨੇ ਲੱਗ ਸਕਦੇ ਹਨ।

ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ ਦੇ ਮੁਤਾਬਕ ਸ਼ਰਧਾਲੂਆਂ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਘੋਸ਼ਣਾ ਪੱਤਰ ‘ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ। ਇਸ ਫਾਰਮ ‘ਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਜੇਕਰ ਕੋਈ ਤੀਰਥ ਯਾਤਰੀ ਸਾਊਦੀ ਅਰਬ ਦੀ ਧਰਤੀ (ਮੱਕਾ, ਮਦੀਨਾ, ਜਾਂ ਹੋਰ ਕਿਤੇ) ‘ਤੇ ਮਰ ਜਾਂਦਾ ਹੈ, ਤਾਂ ਉਸਨੂੰ ਉੱਥੇ ਦਫ਼ਨਾਇਆ ਜਾਵੇਗਾ।

ਭਾਰਤ ਸਰਕਾਰ ਦੇ ਅਨੁਸਾਰ, ਜੇਕਰ ਕੋਈ ਗੈਰ-ਤੀਰਥ ਯਾਤਰੀ ਸਾਊਦੀ ਅਰਬ ‘ਚ ਮਰ ਜਾਂਦਾ ਹੈ, ਤਾਂ ਮ੍ਰਿਤਕ ਦੇ ਕਾਨੂੰਨੀ ਵਾਰਸਾਂ ਦੀ ਇੱਛਾ ‘ਤੇ ਨਿਰਭਰ ਕਰਦੇ ਹੋਏ, ਲਾਸ਼ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ ਜਾਂ ਸਾਊਦੀ ਅਰਬ ‘ਚ ਦਫ਼ਨਾਇਆ ਜਾ ਸਕਦਾ ਹੈ।

ਮੱਕਾ ਤੋਂ ਮਦੀਨਾ ਜਾ ਰਹੀ ਉਮਰਾਹ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਦੇ ਕਿਨਾਰੇ ਖੜ੍ਹੀ ਸੀ ਜਦੋਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜ਼ਿਆਦਾਤਰ ਮ੍ਰਿਤਕ ਹੈਦਰਾਬਾਦ ਦੇ ਹਨ। ਉਸ ਸਮੇਂ ਬਹੁਤ ਸਾਰੇ ਤੀਰਥ ਯਾਤਰੀ ਸੁੱਤੇ ਪਏ ਸਨ |

ਮ੍ਰਿਤਕਾਂ ਵਿੱਚ 18 ਔਰਤਾਂ, 17 ਪੁਰਸ਼ ਅਤੇ 10 ਬੱਚੇ ਸ਼ਾਮਲ ਹਨ। ਹਾਦਸੇ ‘ਚ ਸਿਰਫ਼ ਇੱਕ ਵਿਅਕਤੀ ਬਚਿਆ। ਉਸਦੀ ਪਛਾਣ ਮੁਹੰਮਦ ਅਬਦੁਲ ਸ਼ੋਏਬ (24) ਵਜੋਂ ਹੋਈ ਹੈ। ਸ਼ੋਏਬ (24) ਡਰਾਈਵਰ ਦੇ ਕੋਲ ਬੈਠਾ ਸੀ। ਸ਼ੋਏਬ ਵੀ ਭਾਰਤੀ ਹੈ।

Read More: ਸਾਊਦੀ ਅਰਬ ‘ਚ ਯਾਤਰੀ ਬੱਸ ਤੇ ਡੀਜ਼ਲ ਟੈਂਕਰ ਵਿਚਾਲੇ ਟੱਕਰ, 40 ਤੋਂ ਭਾਰਤੀਆਂ ਦੀ ਮੌ.ਤ

Scroll to Top