ਚੰਡੀਗੜ੍ਹ, 17 ਨਵੰਬਰ 2025: ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਕੈਬਨਿਟ ਨੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਦੀਆਂ 16 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ‘ਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਸਬੰਧੀ ਸਕੀਮਾਂ ਦੀ ਨਿਗਰਾਨੀ ਅਤੇ ਅਮਲ ‘ਚ ਅਹਿਮ ਸੁਧਾਰ ਹੋਣਗੇ |
ਮੰਤਰੀ ਡਾ. ਬਲਜੀਤ ਕੌਰ ਨੇ ਹੋਰ ਦੱਸਿਆ ਕਿ ਖਾਲੀ ਪਈਆਂ 19 ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀਆਂ ਦੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਕਾਰਵਾਈ ਅਧੀਨ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਕੈਬਨਿਟ ਵੱਲੋਂ 16 ਨਵੀਆਂ ਅਸਾਮੀਆਂ ਦੀ ਮਨਜ਼ੂਰੀ ਮਿਲਣ ਨਾਲ, ਕੁੱਲ 35 ਸੀ.ਡੀ.ਪੀ.ਓ਼ਜ਼ ਦੀਆਂ ਅਸਾਮੀਆਂ ਪੀ.ਪੀ.ਐਸ.ਸੀ. ਰਾਹੀਂ ਭਰੀਆਂ ਜਾਣਗੀਆਂ |
ਮੰਤਰੀ ਨੇ ਦੱਸਿਆ ਕਿ ਪੰਜਾਬ ਕੈਬਿਨਟ ਨੇ ਟਰਾਂਸਜੈਂਡਰ ਭਾਈਚਾਰੇ ਦੀ ਭਲਾਈ ਟਰਾਂਸਜੈਂਡਰ ਮਾਮਲਿਆਂ ਨਾਲ ਸਬੰਧਤ ਨਿਯਮ ਬਣਾਉਣ ਅਤੇ ਸੋਧਣ ਦਾ ਪੂਰਾ ਅਧਿਕਾਰ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੌਂਪਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਟਰਾਂਸਜੈਂਡਰ ਭਾਈਚਾਰੇ ਲਈ ਨੀਤੀਆਂ ਨੂੰ ਹੋਰ ਸੰਵੇਦਨਸ਼ੀਲ, ਪ੍ਰਭਾਵੀ ਢੰਗ ਅਤੇ ਸਮੇਂ-ਸਿਰ ਲਾਗੂ ਕਰਨਾ ਸੰਭਵ ਹੋਵੇਗਾ।
ਪੰਜਾਬ ਕੈਬਨਿਟ ਨੇ ਆਂਗਣਵਾੜੀ ਵਰਕਰਾਂ ਰਾਹੀਂ ਸੈਨੇਟਰੀ ਪੈਡ ਵੰਡਣ ਲਈ 53 ਕਰੋੜ ਰੁਪਏ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਸਕੀਮ ਲੱਖਾਂ ਲੜਕੀਆਂ ਤੇ ਔਰਤਾਂ ਦੀ ਸਿਹਤ, ਸਫਾਈ ਅਤੇ ਮਾਹਵਾਰੀ ਜਾਗਰੂਕਤਾ ‘ਚ ਸੁਧਾਰ ਲਿਆਉਣ ‘ਚ ਮੱਦਦਗਾਰ ਸਾਬਤ ਹੋਵੇਗੀ।
Read More: ਪੰਜਾਬ ਸਰਕਾਰ ਦੇ ‘ਹਰ ਪਿੰਡ ਖੇਡ ਮੈਦਾਨ’ ਪ੍ਰੋਜੈਕਟ ਤਹਿਤ ਬਣਨਗੇ 3100 ਅਤਿ-ਆਧੁਨਿਕ ਖੇਡ ਮੈਦਾਨ




