ਪਠਾਨਕੋਟ, 15 ਨਵੰਬਰ 2025: ਦਿੱਲੀ ਕਾਰ ਧਮਾਕੇ ਦੀ ਜਾਂਚ ‘ਚ ਲਗਾਤਾਰ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਹਰਿਆਣਾ ਤੋਂ ਬਾਅਦ ਹੁਣ ਪਠਾਨਕੋਟ ਦੇ ਮਾਮੂਨ ਕੈਂਟ ਖੇਤਰ ਦੇ ਇੱਕ ਮੈਡੀਕਲ ਕਾਲਜ ‘ਚ ਕੰਮ ਕਰਨ ਵਾਲੇ ਇੱਕ ਡਾਕਟਰ ਨੂੰ ਇੰਟੈਲੀਜੈਂਸ ਬਿਊਰੋ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ।
ਇਹ ਕਾਰਵਾਈ ਜਾਂਚ ‘ਚ ਦਿੱਲੀ ਧਮਾਕੇ ਅਤੇ ਹਰਿਆਣਾ ਦੀ ਅਲ ਫਲਾਹ ਯੂਨੀਵਰਸਿਟੀ ਦੇ ਇੱਕ ਮਾਡਿਊਲ ਵਿਚਾਲੇ ਕਥਿਤ ਸਬੰਧਾਂ ਤੋਂ ਬਾਅਦ ਕੀਤੀ ਗਈ ਹੈ। ਡਾਕਟਰ ਦੀ ਪਛਾਣ ਰਈਸ ਅਹਿਮਦ ਭੱਟ ਵਜੋਂ ਹੋਈ ਹੈ ਅਤੇ ਉਹ ਮੂਲ ਰੂਪ ‘ਚ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
45 ਸਾਲਾ ਭੱਟ ਆਰਮੀ ਏਰੀਆ ਮਾਮੂਨ ਕੈਂਟ ਦੇ ਨੇੜੇ ਸਥਿਤ ਵ੍ਹਾਈਟ ਮੈਡੀਕਲ ਕਾਲਜ ‘ਚ ਤਿੰਨ ਸਾਲਾਂ ਤੋਂ ਪੜ੍ਹਾ ਰਿਹਾ ਸੀ। ਉਸਦਾ ਸਬੰਧ ਕਥਿਤ ਤੌਰ ‘ਤੇ ਦਿੱਲੀ ਧਮਾਕੇ ਦੇ ਮੁੱਖ ਮੁਲਜ਼ਮ ਡਾਕਟਰ ਉਮਰ ਨਾਲ ਵੀ ਜੋੜਿਆ ਹੋਇਆ ਹੈ |
ਮੈਡੀਕਲ ਕਾਲਜ ਦੇ ਪ੍ਰਬੰਧਨ ਦੀ ਨਿਗਰਾਨੀ ਕਰਨ ਵਾਲੇ ਸਵਰਨ ਸਲਾਰੀਆ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਡਾ. ਭੱਟ ਨੂੰ ਕੱਲ੍ਹ ਦੇਰ ਰਾਤ ਹਿਰਾਸਤ ‘ਚ ਲਿਆ ਗਿਆ ਸੀ। ਭੱਟ ਉਨ੍ਹਾਂ ਲਈ ਕੰਮ ਕਰਦੇ ਸਨ, ਪਰ ਉਨ੍ਹਾਂ ਨੂੰ ਦਿੱਲੀ ਧਮਾਕੇ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਡਾ. ਰਈਸ ਭੱਟ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ‘ਚ ਚਾਰ ਸਾਲ ਕੰਮ ਕਰ ਚੁੱਕਾ ਹੈ। ਉਹ ਅਜੇ ਵੀ ਕਥਿਤ ਤੌਰ ‘ਤੇ ਅਲ ਫਲਾਹ ਯੂਨੀਵਰਸਿਟੀ ‘ਚ ਆਪਣੇ ਕਈ ਸਾਥੀ ਵਿਦਿਆਰਥੀਆਂ ਦੇ ਸੰਪਰਕ ‘ਚ ਸੀ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਉਸਨੂੰ ਕਿਸ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ।
Read More: ਸ੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ‘ਚ ਧ.ਮਾ.ਕਾ, 9 ਜਣਿਆਂ ਦੀ ਮੌ.ਤ ਕਈ ਜ਼ਖਮੀ




