ਬਿਹਾਰ, 14 ਨਵੰਬਰ 2025: ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਇਸ ਵਾਰ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ‘ਚ ਉਮੀਦਾਂ ਤੋਂ ਵੱਧ ਦਿਖਾਈ ਦੇ ਰਹੇ ਹਨ। ਦੁਪਹਿਰ 12:30 ਵਜੇ ਤੱਕ, ਉਨ੍ਹਾਂ ਦੀ ਪਾਰਟੀ 27 ‘ਚੋਂ 20 ਸੀਟਾਂ ‘ਤੇ ਅੱਗੇ ਹੈ।
ਇਸਦਾ ਮਤਲਬ ਹੈ ਕਿ ਲਗਭੱਗ 69% ਸੀਟਾਂ ‘ਤੇ ਲੀਡ, ਜੋ ਕਿ ਕਿਸੇ ਵੀ ਖੇਤਰੀ ਪਾਰਟੀ ਲਈ ਬਹੁਤ ਵਧੀਆ ਪ੍ਰਦਰਸ਼ਨ ਮੰਨਿਆ ਜਾਂਦਾ ਹੈ। ਹਾਲਾਂਕਿ ਦੁਪਹਿਰ 3:40 ਵਜੇ ਤੱਕ 19 ਸੀਟਾਂ ‘ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਉਮੀਦਵਾਰ ਅੱਗੇ ਹਨ |
ਐਲਜੇਪੀ ਰਾਮ ਵਿਲਾਸ ਪਾਰਟੀ ਸੁਗੌਲੀ, ਗੋਵਿੰਦਗੰਜ, ਬੇਲਸੰਡ, ਬਹਾਦਰਗੰਜ, ਕਟਿਹਾਰ ਦਾ ਕਸਬਾ, ਬਲਰਾਮਪੁਰ, ਸਿਮਰੀ ਬਖਤਿਆਰਪੁਰ, ਬੋਚਾਹਨ, ਡਰੌਲੀ, ਮਹੂਆ, ਬਖਰੀ, ਪਰਬੱਤਾ, ਨਾਥਨਗਰ, ਬ੍ਰਹਮਪੁਰ, ਚੇਨਾਰੀ, ਡੇਹਰੀ, ਓਬਰਾ, ਸ਼ੇਰਘਾਟੀ, ਰਾਜੌਲੀ ਅਤੇ ਗੋਬਿੰਦਪੁਰ ਤੋਂ ਅੱਗੇ ਹੈ|
2020 ਦੀਆਂ ਚੋਣਾਂ ‘ਚ ਐਲਜੇਪੀ ਨੇ 130 ਤੋਂ ਵੱਧ ਸੀਟਾਂ ‘ਤੇ ਚੋਣ ਲੜੀ ਪਰ ਸਿਰਫ਼ ਇੱਕ ਹੀ ਜਿੱਤੀ। ਉਸ ਸਮੇਂ, ਐਲਜੇਪੀ ਦੇ ਉਮੀਦਵਾਰ ਕਈ ਥਾਵਾਂ ‘ਤੇ ਦੂਜੇ ਸਥਾਨ ‘ਤੇ ਆਏ ਸਨ, ਪਰ ਪਾਰਟੀ ਵੱਖ ਹੋ ਗਈ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਐਨਡੀਏ ਤੋਂ ਦੂਰ ਹੋ ਗਈ।
ਫਿਰ ਵੀ 2020 ‘ਚ ਚਿਰਾਗ ਪਾਸਵਾਨ ਦੀ ਹਮਲਾਵਰ ਮੁਹਿੰਮ ਨੂੰ ਜੇਡੀਯੂ ਦੇ ਵੋਟ ਕਟੌਤੀ ਦਾ ਕਾਰਨ ਮੰਨਿਆ ਗਿਆ ਸੀ, ਜਿਸ ਨਾਲ ਨਿਤੀਸ਼ ਕੁਮਾਰ ਦੀਆਂ ਸੀਟਾਂ ਦੀ ਗਿਣਤੀ 71 ਤੋਂ ਘਟ ਕੇ 43 ਹੋ ਗਈ। ਇਸ ਵਾਰ ਤਸਵੀਰ ਪੂਰੀ ਤਰ੍ਹਾਂ ਵੱਖਰੀ ਹੈ। ਐਲਜੇਪੀ ਰਾਮ ਵਿਲਾਸ ਖੁਦ ਐਨਡੀਏ ਦੇ ਨਾਲ ਹੈ ਅਤੇ ਗੱਠਜੋੜ ਦੇ ਇੱਕ ਮਜ਼ਬੂਤ ਥੰਮ੍ਹ ਵਜੋਂ ਉੱਭਰ ਰਿਹਾ ਹੈ।
2020 ਦੀਆਂ ਵਿਧਾਨ ਸਭਾ ਚੋਣਾਂ ‘ਚ ਮੁੱਖ ਮੁਕਾਬਲਾ ਐਨਡੀਏ ਅਤੇ ਮਹਾਂਗੱਠਜੋੜ ਵਿਚਕਾਰ ਸੀ। ਐਨਡੀਏ ਨੇ 125 ਸੀਟਾਂ ਜਿੱਤੀਆਂ ਸਨ। ਭਾਜਪਾ ਨੇ ਸਭ ਤੋਂ ਵੱਧ 74 ਜਿੱਤੀਆਂ। ਜੇਡੀਯੂ ਨੇ 43, ਵੀਆਈਪੀ ਅਤੇ ਐਚਏਐਮ ਨੇ 4-4 ਸੀਟਾਂ ਜਿੱਤੀਆਂ। ਮਹਾਂਗੱਠਜੋੜ ਨੇ ਸੂਬੇ ‘ਚ 110 ਸੀਟਾਂ ਜਿੱਤੀਆਂ ਸਨ। ਆਰਜੇਡੀ 75 ਸੀਟਾਂ ਜਿੱਤ ਕੇ ਰਾਜ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ। ਕਾਂਗਰਸ ਨੇ 19 ਸੀਟਾਂ ਜਿੱਤੀਆਂ, ਅਤੇ ਖੱਬੇ ਪੱਖੀ ਪਾਰਟੀਆਂ ਨੇ 16 ਸੀਟਾਂ ਜਿੱਤੀਆਂ।
Read More: ਬਿਹਾਰ ਜ਼ਿਮਨੀ ਚੋਣ ਨਤੀਜੇ: NDA ਹੁਣ ਤੱਕ ਦੇ ਰੁਝਾਨਾ ‘ਚ 204 ਸੀਟਾਂ ‘ਤੇ ਅੱਗੇ, ਤੇਜਸਵੀ ਯਾਦਵ ਵੀ ਪਿੱਛੇ




