ਅਹਿਮਦਾਬਾਦ, 13 ਨਵੰਬਰ 2025: ਏਅਰ ਇੰਡੀਆ ਕਰੈਸ਼ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ‘ਚ ਚੱਲ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਲੀਲ ਦਿੰਦੇ ਹੋਏ ਕਿਹਾ ਕਿ ਮੁੱਢਲੀ ਜਾਂਚ ਰਿਪੋਰਟ ‘ਚ ਏਅਰ ਇੰਡੀਆ ਦੇ ਪਾਇਲਟ ਨੂੰ ਹਾਦਸੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅਦਾਲਤ ‘ਚ ਕਿਹਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਜਾਂਚ ਟੀਮ ਅੰਤਰਰਾਸ਼ਟਰੀ ਅਭਿਆਸ ਦੇ ਅਨੁਸਾਰ ਬਣਾਈ ਗਈ ਸੀ ਅਤੇ ਜਾਂਚ ਅਜੇ ਵੀ ਜਾਰੀ ਹੈ।
ਜਿਕਰਯੋਗ ਹੈ ਕਿ ਏਅਰ ਇੰਡੀਆ ਦਾ ਜਹਾਜ਼ ਗੁਜਰਾਤ ਦੇ ਅਹਿਮਦਾਬਾਦ ‘ਚ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ‘ਚ 260 ਜਣਿਆਂ ਦੀ ਜਾਨ ਚਲੀ ਗਈ। AAIB ਦੀ ਜਾਂਚ ਨੇ ਮਾਮਲੇ ਦੇ ਕਈ ਮਹੱਤਵਪੂਰਨ ਪਹਿਲੂਆਂ ਦਾ ਖੁਲਾਸਾ ਕੀਤਾ।
ਹਾਲਾਂਕਿ, ਇਸ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ, ਜਹਾਜ਼ ਉਡਾਉਣ ਵਾਲੇ ਇੱਕ ਪਾਇਲਟ ਦੇ ਪਿਤਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਪਿਛਲੀ ਸੁਣਵਾਈ ‘ਚ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਕੇਂਦਰ ਸਰਕਾਰ ਅਤੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਤੋਂ ਜਵਾਬ ਮੰਗੇ ਸਨ।
ਇਸਤੋਂ ਪਹਿਲਾਂ ਸੁਪਰੀਮ ਕੋਰਟ ਨੇ ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ‘ਚ ਮਾਰੇ ਗਏ ਪਾਇਲਟ ਦੇ ਪਿਤਾ ਵੱਲੋਂ ਸੁਤੰਤਰ ਜਾਂਚ ਦੀ ਪਟੀਸ਼ਨ ‘ਤੇ ਕੇਂਦਰ ਸਰਕਾਰ ਅਤੇ DGCA ਤੋਂ ਜਵਾਬ ਮੰਗੇ ਸਨ। ਇਸ ਮਾਮਲੇ ‘ਚ ਅਦਾਲਤ ਨੇ ਮ੍ਰਿਤਕ ਪਾਇਲਟ ਦੇ ਪਿਤਾ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਮੁੱਢਲੀ ਜਾਂਚ ਰਿਪੋਰਟ ‘ਚ ਵੀ ਪਾਇਲਟ ਵਿਰੁੱਧ ਕੋਈ ਦੋਸ਼ ਨਹੀਂ ਹਨ। ਅਦਾਲਤ ਨੇ ਪਾਇਲਟ ਕੈਪਟਨ ਸੁਮਿਤ ਸੱਭਰਵਾਲ ਦੇ 91 ਸਾਲਾ ਪਿਤਾ ਨੂੰ ਕਿਹਾ ਕਿ ਉਨ੍ਹਾਂ ਦਾ ਪੁੱਤਰ ਇਸ ਹਾਦਸੇ ਲਈ ਜ਼ਿੰਮੇਵਾਰ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਦਾ ਭਾਰ ਆਪਣੇ ਸਿਰ ਨਹੀਂ ਲੈਣਾ ਚਾਹੀਦਾ।
Read More: ਅਹਿਮਦਾਬਾਦ ਜਹਾਜ਼ ਹਾਦਸੇ ‘ਚ ਪਾਇਲਟ ਦੀ ਗਲਤੀ ਨਹੀਂ, ਕੇਂਦਰ ਤੇ DGCA ਜਵਾਬ ਦਾਇਰ ਕਰੇ: ਸੁਪਰੀਮ ਕੋਰਟ




