Delhi blasts

ਅਸਾਮ ‘ਚ ਦਿੱਲੀ ਧ.ਮਾ.ਕੇ ਸੰਬੰਧੀ ਇਤਰਾਜ਼ਯੋਗ ਪੋਸਟਾਂ ਪਾਉਣ ਵਾਲੇ 15 ਜਣੇ ਗ੍ਰਿਫ਼ਤਾਰ

ਅਸਾਮ, 13 ਨਵੰਬਰ 2025: ਦਿੱਲੀ ਬੰ.ਬ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਪੋਸਟਾਂ ਪਾਉਣ ਦੇ ਦੋਸ਼ ‘ਚ ਅਸਾਮ ‘ਚ ਹੁਣ ਤੱਕ ਕੁੱਲ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਬੁੱਧਵਾਰ ਨੂੰ ਛੇ ਗ੍ਰਿਫ਼ਤਾਰੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਵੀਰਵਾਰ ਨੂੰ ਨੌਂ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁੱਖ ਮੰਤਰੀ ਸਰਮਾ ਨੇ ਕਿਹਾ ਕਿ ਬੁੱਧਵਾਰ ਰਾਤ ਤੋਂ ਬਾਅਦ ਨਵੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇੰਸਟਾਗ੍ਰਾਮ ‘ਤੇ ਇੱਕ ਪੋਸਟ ‘ਚ ਸਰਮਾ ਨੇ ਕਿਹਾ, “ਦਿੱਲੀ ਧਮਾਕਿਆਂ ਤੋਂ ਬਾਅਦ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟਾਂ ਦੇ ਸਬੰਧ ‘ਚ ਹੁਣ ਤੱਕ ਅਸਾਮ ਭਰ ‘ਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।”

ਉਨ੍ਹਾਂ ਕਿਹਾ ਕਿ, “ਬੁੱਧਵਾਰ ਨੂੰ ਕੀਤੀਆਂ ਛੇ ਗ੍ਰਿਫ਼ਤਾਰੀਆਂ ਤੋਂ ਇਲਾਵਾ, ਰਫੀਜ਼ੁਲ ਅਲੀ (ਬੋਂਗਾਈਗਾਓਂ), ਫਰੀਦੁਦੀਨ ਲਸ਼ਕਰ (ਹੈਲਾਕਾਂਡੀ), ਇਨਾਮੁਲ ਇਸਲਾਮ (ਲਖੀਮਪੁਰ), ਫਿਰੁਜ਼ ਅਹਿਮਦ ਉਰਫ਼ ਪਾਪੋਨ (ਲਖੀਮਪੁਰ), ਸ਼ਾਹਿਲ ਸ਼ੋਮਨ ਸਿਕਦਾਰ ਉਰਫ਼ ਸ਼ਾਹਿਦੁਲ ਇਸਲਾਮ (ਬਰਪੇਟਾ), ਰਕੀਬੁਲ ਸੁਲਤਾਨ (ਬਰਪੇਟਾ), ਨਸੀਮ ਅਕਬਰ (ਹੋਸਾਈ), ਤਸਲੀਮ ਅਹਿਮਦ (ਕਾਮਰੂਪ) ਅਤੇ ਅਬਦੁਰ ਰਹੀਮ ਮੁੱਲਾ ਉਰਫ਼ ਬੈਪੀ ਹੁਸੈਨ (ਦੱਖਣੀ ਸਲਮਾਰਾ) ਨੂੰ ਰਾਤੋ-ਰਾਤ ਗ੍ਰਿਫ਼ਤਾਰ ਕੀਤਾ ਗਿਆ।”

ਮੁੱਖ ਮੰਤਰੀ ਨੇ ਕਿਹਾ ਕਿ ਅਸਾਮ ਪੁਲਿਸ ਹਿੰਸਾ ਨੂੰ ਵਧਾਉਣ ਵਾਲਿਆਂ ਵਿਰੁੱਧ ਕੋਈ ਨਰਮੀ ਨਹੀਂ ਦਿਖਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਸੋਸ਼ਲ ਮੀਡੀਆ ‘ਤੇ ਧਮਾਕਿਆਂ ਦੀ ਸ਼ਲਾਘਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 35 ਜਣਿਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕਰਾਂਗੇ ਅਤੇ ਜੇਕਰ ਕਿਸੇ ਦੇ ਬੰਗਲਾਦੇਸ਼ ਜਾਂ ਕਿਸੇ ਹੋਰ ਦੇਸ਼ ਨਾਲ ਸਬੰਧ ਪਾਏ ਜਾਂਦੇ ਹਨ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।”

Read More: ਅਲ ਫਲਾਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਬਿਆਨ, “ਯੂਨੀਵਰਸਿਟੀ ਦਾ ਇਨ੍ਹਾਂ ਡਾਕਟਰਾਂ ਨਾਲ ਕੋਈ ਸਬੰਧ ਨਹੀਂ”

Scroll to Top