Amritsar airport

ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀਆਂ ਦੀ ਆਵਾਜਾਈ ਦਾ ਅੰਕੜਾ 3.5 ਮਿਲੀਅਨ ਤੋਂ ਪਾਰ

ਚੰਡੀਗੜ੍ਹ, 11 ਨਵੰਬਰ 2025: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਮਾਰਚ 2022 ਤੋਂ ਸਰਕਾਰ ਨੇ ਹਵਾਈ ਖੇਤਰ ਨੂੰ ਪੰਜਾਬ ਦੇ ਆਰਥਿਕ ਵਿਕਾਸ, ਉਦਯੋਗਿਕ ਸੰਪਰਕ ਅਤੇ ਸੈਰ-ਸਪਾਟੇ ਦਾ ਮੁੱਖ ਇੰਜਣ ਬਣਾਉਣ ਲਈ ਇੱਕ ਵਿਆਪਕ ਰਣਨੀਤੀ ਲਾਗੂ ਕੀਤੀ ਹੈ। ਪੰਜਾਬ ਸਰਕਾਰ ਮੁਤਾਬਕ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2022 ਦੇ ਤਹਿਤ, ਹਵਾਈ ਅੱਡੇ-ਅਗਵਾਈ ਵਾਲੇ ਉਦਯੋਗਿਕ ਗਲਿਆਰਿਆਂ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਨੇ ₹1 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।

ਪੰਜਾਬ ਸਰਕਾਰ ਮੁਤਾਬਕ ਇਸਦੀ ਪ੍ਰਮੁੱਖ ਉਦਾਹਰਣ ਲੁਧਿਆਣਾ ਦੇ ਨੇੜੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰੋਜੈਕਟ ਹੈ। ‘ਆਪ’ ਸਰਕਾਰ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਅਧੀਨ ਸ਼ੁਰੂ ਕੀਤਾ ਇਹ ਪ੍ਰੋਜੈਕਟ 2022 ਤੱਕ ਲਗਭੱਗ ਰੁਕ ਗਿਆ ਸੀ। ਫੰਡਾਂ ਦੀ ਘਾਟ ਅਤੇ ਪ੍ਰਸ਼ਾਸਨਿਕ ਉਦਾਸੀਨਤਾ ਕਾਰਨ, ਕੰਮ ਪੂਰੀ ਤਰ੍ਹਾਂ ਰੁਕ ਗਿਆ ਸੀ, ਜਿਸ ਨਾਲ ਪੰਜਾਬ ਦੇ ਉਦਯੋਗਿਕ ਹੱਬ, ਲੁਧਿਆਣਾ ਦੀ ਗਲੋਬਲ ਕਨੈਕਟੀਵਿਟੀ ਖਤਰੇ ‘ਚ ਪੈ ਗਈ ਸੀ।

‘ਆਪ’ ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਰੁਕੇ ਹੋਏ ਪ੍ਰੋਜੈਕਟ ਨੂੰ ਮੁੜ ਸੁਰਜੀਤ ਕੀਤਾ। ਪ੍ਰੋਜੈਕਟ ਲਈ ਸਰਕਾਰੀ ਖਜ਼ਾਨੇ ‘ਚੋਂ 60 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ।

ਆਪ ਸਰਕਾਰ ਮੁਤਾਬਕ ਅਪ੍ਰੈਲ 2025 ਤੱਕ, ਅੰਤਰਿਮ ਟਰਮੀਨਲ 100% ਪੂਰਾ ਹੋ ਗਿਆ ਸੀ, ਅਤੇ 27 ਜੁਲਾਈ, 2025 ਨੂੰ ਇਸਦਾ ਉਦਘਾਟਨ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ‘ਚ ਇਸਦਾ ਨਾਮ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦਾ ਮਤਾ ਵੀ ਪਾਸ ਕੀਤਾ। ਇਹ ਹਵਾਈ ਅੱਡਾ, ਜੋ ਅੰਤਿਮ ਪ੍ਰਵਾਨਗੀ ਤੋਂ ਬਾਅਦ ਛੇਤੀ ਹੀ ਕਾਰਜਸ਼ੀਲ ਹੋਣ ਜਾ ਰਿਹਾ ਹੈ | ‘ਆਪ’ ਸਰਕਾਰ ਦਾ ਮੰਨਣਾ ਹੈ ਕਿ ਲੁਧਿਆਣਾ ਦੇ ਨਿਰਮਾਣ ਖੇਤਰ ਲਈ ਇੱਕ ਵਰਦਾਨ ਹੋਵੇਗਾ ਅਤੇ ਲਗਭੱਗ 10,000 ਨਵੀਆਂ ਨੌਕਰੀਆਂ ਪੈਦਾ ਕਰੇਗਾ।

‘ਆਪ’ ਸਰਕਾਰ ਮੁਤਾਬਕ ਕਾਰਜਕਾਲ ਦੌਰਾਨ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ (SGRDJ) ਅੰਤਰਰਾਸ਼ਟਰੀ ਹਵਾਈ ਅੱਡਾ “ਪੰਜਾਬ ਦੇ ਹਵਾਬਾਜ਼ੀ ਗਹਿਣੇ” ਵਜੋਂ ਉਭਰਿਆ ਹੈ। ਵਿੱਤੀ ਸਾਲ 2024-25 ‘ਚ ਇਥੇ ਯਾਤਰੀਆਂ ਦੀ ਆਵਾਜਾਈ ‘ਚ 22.6% ਦੀ ਰਿਕਾਰਡ ਵਾਧਾ ਦੇਖਿਆ ਗਿਆ ਹੈ, ਜੋ ਕਿ 3.5 ਮਿਲੀਅਨ ਤੋਂ ਵੱਧ ਯਾਤਰੀਆਂ ਦੇ ਅੰਕੜੇ ਨੂੰ ਪਾਰ ਕਰ ਗਿਆ |

ਇਸ ਸਮੇਂ ਦੌਰਾਨ ਅੰਮ੍ਰਿਤਸਰ ਤੋਂ ਕੁਆਲਾਲੰਪੁਰ, ਲੰਡਨ, ਰੋਮ ਅਤੇ ਵੇਰੋਨਾ ਵਰਗੇ ਪ੍ਰਮੁੱਖ ਸਥਾਨਾਂ ਲਈ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ। ਜੁਲਾਈ 2024 ‘ਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਏਅਰਏਸ਼ੀਆ ਐਕਸ ਦੁਆਰਾ 24 ਗਲੋਬਲ ਹਵਾਈ ਅੱਡਿਆਂ ‘ਚੋਂ ‘ਬੈਸਟ ਸਟੇਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਸੀ, ਜੋ ਕਿ ਇਸਦੇ 95% ਸਮੇਂ ਸਿਰ ਪ੍ਰਦਰਸ਼ਨ ਅਤੇ ਉੱਤਮ ਸਹੂਲਤਾਂ ਦੀ ਪੁਸ਼ਟੀ ਕਰਦਾ ਹੈ।

‘ਆਪ’ ਸਰਕਾਰ ਦੇ ਯਤਨਾਂ ਅਤੇ ਕੇਂਦਰ ਸਰਕਾਰ ਨਾਲ ਲਗਾਤਾਰ ਵਕਾਲਤ ਦੇ ਕਾਰਨ, ਆਦਮਪੁਰ (ਜਲੰਧਰ) ਅਤੇ ਬਠਿੰਡਾ ਵਰਗੇ ਖੇਤਰੀ ਹਵਾਈ ਅੱਡਿਆਂ ਤੋਂ ਉਡਾਣਾਂ ਸਫਲਤਾਪੂਰਵਕ ਮੁੜ ਸ਼ੁਰੂ ਹੋਈਆਂ ਹਨ। ਆਦਮਪੁਰ ਤੋਂ ਮੁੰਬਈ ਅਤੇ ਜੈਪੁਰ ਲਈ ਨਵੇਂ ਰੂਟਾਂ ਦਾ ਵੀ ਐਲਾਨ ਕੀਤਾ ਹੈ, ਜੋ ਕਿ ਦੋਆਬਾ ਖੇਤਰ ਲਈ ਇੱਕ ਵੱਡਾ ਹੁਲਾਰਾ ਹੈ।

ਪੰਜਾਬ ਸਰਕਾਰ ਮੁਤਾਬਕ ਹਵਾਬਾਜ਼ੀ ਖੇਤਰ ‘ਚ ₹150 ਤੋਂ ₹200 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਚਾਹੇ ਉਹ ਚੰਡੀਗੜ੍ਹ ਹਵਾਈ ਅੱਡੇ ਤੱਕ ਪਹੁੰਚਣ ਲਈ ₹200 ਕਰੋੜ ਦੀ ਲਾਗਤ ਨਾਲ 8.5 ਕਿਲੋਮੀਟਰ ਸੜਕ ਬਣਾਉਣ ਦਾ ਹੋਵੇ, ਹਲਵਾਰਾ ‘ਚ ਰੁਕੇ ਹੋਏ ਪ੍ਰੋਜੈਕਟ ਨੂੰ ਬਚਾਉਣ ਦਾ ਹੋਵੇ, ਜਾਂ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਉਚਾਈਆਂ ‘ਤੇ ਉੱਚਾ ਚੁੱਕਣ ਦਾ ਹੋਵੇ, ਹਰ ਕਦਮ ਪੰਜਾਬ ਨੂੰ ਇੱਕ ਗਲੋਬਲ ਹਵਾਬਾਜ਼ੀ ਹੱਬ ਬਣਾਉਣ ਵੱਲ ਇੱਕ ਠੋਸ ਯਤਨ ਹੈ।

Read More: ਪੰਜਾਬ ਸਰਕਾਰ ਵੱਲੋਂ 13 ਤੋਂ 15 ਨਵੰਬਰ ਤੱਕ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ‘ਚ ਕਰਵਾਇਆ ਜਾਵੇਗਾ ‘ਪੈਨਸ਼ਨਰ ਸੇਵਾ ਮੇਲਾ’

Scroll to Top