ਗੱਤਕਾ ਕੱਪ

ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜਾਂ ਦਾ ਕਬਜ਼ਾ, ਹਰਿਆਣਵੀ ਗੱਤਕੇਬਾਜ ਦੂਜੇ ਸਥਾਨ ‘ਤੇ ਰਹੇ

ਚੰਡੀਗੜ੍ਹ, 11 ਨਵੰਬਰ 2025: ਪੰਜਾਬ ਦੇ ਗੱਤਕੇਬਾਜ਼ਾਂ ਨੇ ਜੰਗਜੂ ਕਲਾ ਦੇ ਸ਼ਾਨਦਾਰ ਹੁਨਰ ਸਦਕਾ ਵੱਕਾਰੀ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਰਵਾਇਤੀ ਕਲਾ ਦੇ ਸ਼ਾਨਦਾਰ ਪੰਜਾਬ ਦੀ ਟੀਮ ਨੇ ਪ੍ਰਦਰਸ਼ਨ ਦੌਰਾਨ ਬੰਗਲੁਰੂ ਸਿਟੀ ਯੂਨੀਵਰਸਿਟੀ ਕੈਂਪਸ ‘ਚ ਕਰਵਾਏ ਸਲਾਨਾ ਟੂਰਨਾਮੈਂਟ ‘ਤੇ ਇੱਕ ਅਮਿੱਟ ਛਾਪ ਛੱਡੀ ਹੈ।

ਇਸ ਮੌਕੇ ਹਰਿਆਣਾ ਦੇ ਤੇਜ਼-ਤਰਾਰ ਗੱਤਕੇਬਾਜ਼ਾਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਨਾਂ ਮੁਕਾਬਲਿਆਂ ‘ਚ ਸਮੁੱਚੇ ਤੌਰ ‘ਤੇ ਉਪ-ਜੇਤੂ ਵਜੋਂ ਪ੍ਰਸ਼ੰਸਾਯੋਗ ਸਥਾਨ ਪ੍ਰਾਪਤ ਕੀਤਾ। ਪੰਜਾਬ ਤੇ ਹਰਿਆਣਾ ਵਿਚਾਲੇ ਖੇਡਿਆ ਗੱਤਕਾ-ਸੋਟੀ (ਵਿਅਕਤੀਗਤ) ਦਾ ਫਾਈਨਲ ਮੁਕਾਬਲਾ ਤਾਂ ਐਨਾ ਦਿਲਚਸਪ ਰਿਹਾ ਕਿ ਵਾਧੂ ਸਮੇਂ ਦੌਰਾਨ ਵੀ ਖਿਡਾਰੀਆਂ ਦੇ ਬਰਾਬਰੀ ਤੇ ਰਹਿਣ ਉਪਰੰਤ ‘ਸਡਨ ਡੈਥ’ ਨਿਯਮ ਨਾਲ ਫੈਸਲਾ ਕਰਨਾ ਪਿਆ।

ਦੋ ਦਿਨ ਚੱਲੇ ਇਹ ਮੁਕਾਬਲੇ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਦੇ ਨਾਲ ਹੀ ਕਰਵਾਏ। ਗੱਤਕਈਆਂ ਨੇ ਹਰ ਮੈਚ ‘ਚ ਅੰਕ ਪ੍ਰਾਪਤ ਕਰਨ ਲਈ ਲਗਾਤਾਰ ਟਿਕਟਿਕੀ ਲਾਈ ਰੱਖੀ ਅਤੇ ਨਿਪੁੰਨ ਗੱਤਕਾ ਤਕਨੀਕਾਂ ਨਾਲ ਆਪਣੇ ਵਿਰੋਧੀ ਖਿਡਾਰੀ ‘ਤੇ ਹਮਲਾ ਕਰਨ ‘ਚ ਕੋਈ ਮੌਕਾ ਨਹੀਂ ਛੱਡ ਰਹੇ ਸਨ |

ਪੰਜਾਬ ਦੇ ਗੱਤਕੇਬਾਜ਼ਾਂ ਨੇ ਲੜਕਿਆਂ ਦੇ ਵਰਗ ‘ਚ ਸਿਖਰਲਾ ਸਨਮਾਨ ਹਾਸਲ ਕਰਨ ਲਈ ਪੂਰੀ ਦਬਦਬਾ ਕਾਇਮ ਰੱਖਿਆ। ਦੂਜੇ ਪਾਸੇ ਹਰਿਆਣਾ ਦੀਆਂ ਕੁੜੀਆਂ ਨੇ ਗੱਤਕਾ-ਸੋਟੀ ਦੇ ਹੁਨਰ ਨਾਲ ਅਤੇ ਜੇਤੂ ਹੋਣ ਲਈ ਜੁਟਾਏ ਸਮਾਨਾਂਤਰ ਜੋਸ਼ ਨਾਲ ਆਪਣੇ ਵਰਗ ਦੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਪੰਜਾਬ ਦੀਆਂ ਲੜਕੀਆਂ ਨੂੰ ਮਾਤ ਦਿੱਤੀ। ਚੈਂਪੀਅਨਸ਼ਿਪ ਦੌਰਾਨ ਬਾਕੀ ਸਥਾਨਾਂ ਲਈ ਵੀ ਬਹੁਤ ਤਿੱਖੇ ਅਤੇ ਤੇਜ਼ ਮੁਕਾਬਲੇ ਦੇਖਣ ਨੂੰ ਮਿਲੇ।

ਹਰਿਆਣਾ ਦੇ ਮੁੰਡੇ ਅਤੇ ਪੰਜਾਬ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ‘ਚ ਉਪ ਜੇਤੂ ਰਹੀਆਂ। ਉਤਰਾਖੰਡ ਅਤੇ ਛੱਤੀਸਗੜ੍ਹ ਦੇ ਨੌਜਵਾਨਾਂ ਨੇ ਤੀਜੇ ਸਥਾਨ ‘ਤੇ ਸਬਰ ਕਰਦਿਆਂ ਕਾਂਸੀ ਦੇ ਤਮਗੇ ਸਾਂਝੇ ਕੀਤੇ। ਇਸੇ ਤਰ੍ਹਾਂ ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਦੀਆਂ ਨੇ ਕੁੜੀਆਂ ਨੇ ਵੀ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਚੈਂਪੀਅਨਸ਼ਿਪ ਦਾ ਉਦਘਾਟਨ ਪਾਈਥੀਅਨ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਬਿਜੇਂਦਰ ਗੋਇਲ ਨੇ ਕੀਤਾ। ਸੈਮੀਫਾਈਨਲ ਮੁਕਾਬਲੇ ਪਾਈਥੀਅਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬੀ.ਐਚ. ਅਨਿਲ ਕੁਮਾਰ, ਆਈਏਐਸ ਨੇ ਸ਼ੁਰੂ ਕਰਵਾਏ। ਅੰਤਿਮ ਦਿਨ ਟੀਸੀ ਦੇ ਗੱਤਕੇਬਾਜ਼ਾਂ ਦੀਆਂ ਫਾਈਟਾਂ ਦੀ ਸ਼ੁਰੂਆਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਸਾਬਕਾ ਵਧੀਕ ਡਾਇਰੈਕਟਰ ਵੱਲੋਂ ਕੀਤੀ ਗਈ।

ਇੰਨਾਂ ਮੁਕਾਬਲਿਆਂ ਦੌਰਾਨ ਕੌਮਾਂਤਰੀ ਸਿੱਖ ਸ਼ਸ਼ਤਰ ਕਲਾ ਕੌਂਸਲ ਦੇ ਉਪ-ਚੇਅਰਮੈਨ ਸੁਖਚੈਨ ਸਿੰਘ ਕਲਸਾਨੀ, ਜਸਪ੍ਰੀਤ ਸਿੰਘ ਸੈਣੀ, ਜਗਦੀਸ਼ ਸਿੰਘ, ਆਰਥੀ ਦੀਵਾਨ, ਸ੍ਰੀਜੀਤ ਸੁਰੇਂਦਰ ਅਤੇ ਕੋਚ ਵੇਣੂਗੋਪਾਲ ਵੇਲੋਲੀ (ਬੰਗਲੁਰੂ) ਹਾਜ਼ਰ ਸਨ। ਇਸਦੇ ਨਾਲ ਹੀ ਸਮੁੱਚੀ ਚੈਂਪੀਅਨਸ਼ਿਪ ਦੌਰਾਨ ਹਰਨਾਮ ਸਿੰਘ, ਹਰਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਸ਼ੈਰੀ ਸਿੰਘ, ਨਰਿੰਦਰਪਾਲ ਸਿੰਘ ਅਤੇ ਅਮਨ ਸਿੰਘ ਛੱਤੀਸਗੜ੍ਹ ਵੱਲੋਂ ਬਿਨਾਂ ਕਿਸੇ ਦਬਾਅ ਅਤੇ ਵਿਤਕਰੇ ਤੋਂ ਗੱਤਕਾ ਮੈਚਾਂ ਦੌਰਾਨ ਤਕਨੀਕੀ ਤੇ ਰੈਫ਼ਰੀ ਸੇਵਾਵਾਂ ਦਿੱਤੀਆਂ ਜਿਸ ਲਈ ਸਭਨਾ ਨੇ ਪ੍ਰਸ਼ੰਸਾ ਕੀਤੀ।

Read More: 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦਾ ਭਿਲਾਈ ‘ਚ ਸ਼ਾਨਦਾਰ ਆਗਾਜ

Scroll to Top