ਝੋਨੇ ਦੀ ਖਰੀਦ

ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ ਤੇ ਖਰੀਦ 150 ਲੱਖ ਮੀਟਰਕ ਟਨ ਤੋਂ ਪਾਰ

ਚੰਡੀਗੜ੍ਹ, 11 ਨਵੰਬਰ 2025: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ‘ਚ ਹਾਲ ਹੀ ‘ਚ ਆਏ ਹੜ੍ਹਾਂ ਦੇ ਬਾਵਜੂਦ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ (ਐਲ.ਐਮ.ਟੀ.) ਦੇ ਅੰਕੜੇ ਨੂੰ ਪਾਰ ਕਰ ਗਈ ਹੈ |

ਉਨ੍ਹਾਂ ਕਿਹਾ ਕਿ ਝੋਨੇ ਦੇ ਖਰੀਦ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਨੇ 10 ਨਵੰਬਰ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਲਾਭ ਦਿੱਤਾ ਹੈ।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਟਿਆਲਾ ਜ਼ਿਲ੍ਹਾ ਹੁਣ ਤੱਕ 96852 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਪ੍ਰਦਾਨ ਕਰਕੇ ਸਭ ਤੋਂ ਅੱਗੇ ਹਨ।

ਝੋਨੇ ਦੀ ਆਮਦ ਦੇ ਸੰਬੰਧ ‘ਚ 10 ਨਵੰਬਰ ਸ਼ਾਮ ਤੱਕ ਸੂਬੇ ਭਰ ਦੀਆਂ ਮੰਡੀਆਂ ‘ਚ ਕੁੱਲ 15180075.88 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ‘ਚੋਂ 15035129.93 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ ਜੋ ਕਿ 99 ਫ਼ੀਸਦ ਬਣਦਾ ਹੈ। ਪੰਜਾਬ ਸਰਕਾਰ ਮੁਤਾਬਕ ਕੁੱਲ 13567492.78 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ ਹੁਣ ਤੱਕ ਖਰੀਦੀ ਕੁੱਲ ਫਸਲ ਦਾ 90 ਫ਼ੀਸਦ ਦੇ ਕਰੀਬ ਬਣਦਾ ਹੈ। ਅਦਾਇਗੀਆਂ ਦੇ ਸਬੰਧ ‘ਚ ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

Read More: ਪੰਜਾਬ ਦੀਆਂ ਮੰਡੀਆਂ ‘ਚ 99% ਝੋਨੇ ਦੀ ਖਰੀਦ ਹੋਈ: ਹਰਚੰਦ ਸਿੰਘ ਬਰਸਟ

Scroll to Top