Russia and Ukraine

ਰੂਸ ਤੇ ਯੂਕਰੇਨ ‘ਚ ਫਸਿਆ ਜਲੰਧਰ ਦਾ ਨੌਜਵਾਨ, ਭਾਰਤ ਸਰਕਾਰ ਤੋਂ ਮੰਗੀ ਮੱਦਦ

10 ਨਵੰਬਰ 2025: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਜਬਰਦਸਤੀ ਭਰਤੀ ਕਰਕੇ ਲੜਨ ਲਈ ਭੇਜਿਆ ਜਾ ਰਿਹਾ ਹੈ | ਭਾਰਤ ਦੇ ਕਈਂ ਨੌਵਜਾਨ ਰੂਸ ‘ਚ ਫਸੇ ਹੋਏ ਹਨ।

ਹਾਲ ਹੀ ‘ਚ ਜਲੰਧਰ ਦੇ ਮੁਹੱਲਾ ਗੋਬਿੰਦਗੜ੍ਹ ਦੇ ਵਸਨੀਕ ਹਰਮਿੰਦਰ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਰੂਸ ‘ਚ ਫਸਿਆ ਹੋਇਆ ਸੀ। ਇਸ ‘ਚ, ਹਰਮਿੰਦਰ ਨੇ ਭਾਰਤ ਸਰਕਾਰ ਅਤੇ ਭਾਰਤੀ ਦੂਤਾਵਾਸ ਨੂੰ ਉਸਨੂੰ ਕੱਢਣ ਲਈ ਬੇਨਤੀ ਕੀਤੀ। ਹੁਣ, ਹਰਮਿੰਦਰ ਸਿੰਘ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਆਪਣੀ ਔਖੀ ਘੜੀ ਬਾਰੇ ਦੱਸ ਰਿਹਾ ਹੈ |

ਵੀਡੀਓ ‘ਚ ਹਰਮਿੰਦਰ ਸਿੰਘ ਦੱਸਦਾ ਹੈ ਕਿ ਉਸਨੂੰ ਰੋਜ਼ਾਨਾ ਭੋਜਨ ਵਜੋਂ ਸਿਰਫ਼ ਦੋ ਟੁਕੜੇ ਬਰੈਡ ਦਿੱਤੇ ਜਾਂਦੇ ਹਨ। ਡਰੋਨ ਉਸ ਜਗ੍ਹਾ ਦੇ ਨੇੜੇ ਡਿੱਗ ਰਹੇ ਹਨ, ਜਿੱਥੇ ਉਨ੍ਹਾਂ ਨੂੰ ਰੱਖਿਆ ਜਾ ਰਿਹਾ ਹੈ, ਜੋ ਉਨ੍ਹਾਂ ਦੀ ਜਾਨ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਨੌਜਵਾਨ ਨੇ ਆਪਣੇ ਤੌਰ ‘ਤੇ ਭਾਰਤੀ ਦੂਤਾਵਾਸ ਅਤੇ ਰੂਸੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਹੈ, ਪਰ ਉਨ੍ਹਾਂ ਦੀਆਂ ਬੇਨਤੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਹਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜ ਮਹੀਨੇ ਪਹਿਲਾਂ ਇੱਕ ਏਜੰਟ ਰਾਹੀਂ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ। ਉਸਨੂੰ ਦੱਸਿਆ ਗਿਆ ਸੀ ਕਿ ਉਸਨੂੰ ਇੱਕ ਉਸਾਰੀ ਕੰਪਨੀ ‘ਚ ਨੌਕਰੀ ਅਤੇ ਪੀਆਰ (ਸਥਾਈ ਨਾਗਰਿਕਤਾ) ਮਿਲੇਗੀ।

ਲਗਭਗ ਦੋ ਮਹੀਨਿਆਂ ਬਾਅਦ, ਉਨ੍ਹਾਂ ਨੂੰ ਦੱਸਿਆ ਕਿ ਰੂਸੀ ਫੌਜ ਦੇ ਸਿਖਲਾਈ ਕੇਂਦਰ ‘ਚ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਕ ਸਾਲ ਦੇ ਇਕਰਾਰਨਾਮੇ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਬਾਅਦ ‘ਚ ਸਿਖਲਾਈ ਸ਼ੁਰੂ ਹੋਈ। ਉਨ੍ਹਾਂ ਦੇ ਪਾਸਪੋਰਟ ਅਤੇ ਦਸਤਾਵੇਜ਼ ਵੀ ਰੱਖੇ ਗਏ।

ਹਰਮਿੰਦਰ ਸਿੰਘ ਦੇ ਮੁਤਾਬਕ ਜਦੋਂ ਪੁੱਛਿਆ ਗਿਆ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸਿਖਲਾਈ ਉਨ੍ਹਾਂ ਨੂੰ ਸਵੈ-ਰੱਖਿਆ ਲਈ ਦਿੱਤੀ ਜਾ ਰਹੀ ਸੀ। ਲਗਭਗ 20 ਦਿਨਾਂ ਦੀ ਸਿਖਲਾਈ ਤੋਂ ਬਾਅਦ, ਉਨ੍ਹਾਂ ਦੇ ਸਮੂਹ ਨੂੰ ਮੋਰਚੇ ‘ਤੇ ਲੜਨ ਲਈ ਭੇਜਿਆ ਗਿਆ, ਜਿੱਥੇ ਭਾਰੀ ਗੋਲੀਬਾਰੀ ਹੋਈ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ, ਤਾਂ ਉਨ੍ਹਾਂ ਨੂੰ ਇੱਕ ਅਜਿਹੀ ਜਗ੍ਹਾ ‘ਤੇ ਰੱਖਿਆ ਗਿਆ ਜਿੱਥੇ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ। ਹਰਮਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇੱਥੋਂ ਬਾਹਰ ਕੱਢ ਕੇ ਭਾਰਤ ਵਾਪਸ ਲਿਆਂਦਾ ਜਾਵੇ।

Read More: ਯੂਕਰੇਨ ‘ਚ ਫਸੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ, ਰੂਸੀ ਫੌਜ ‘ਚ ਜ਼ਬਰਦਸਤੀ ਕੀਤਾ ਭਰਤੀ

Scroll to Top