ਚੰਡੀਗੜ੍ਹ, 10 ਨਵੰਬਰ 2025: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਕਰਨ ਦੇ ਮਾਮਲੇ ‘ਚ ਅੱਜ ਐਸ.ਐਸ.ਪੀ. ਕਪੂਰਥਲਾ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਸਥਿਤੀ ਰਿਪੋਰਟ ਸੌਂਪੀ।
ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਬਾਰੇ ਪੁੱਛਣ ‘ਤੇ ਐਸ.ਐਸ.ਪੀ. ਕਪੂਰਥਲਾ ਵੱਲੋਂ ਪੇਸ਼ ਹੋਏ ਡੀ.ਐਸ.ਪੀ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਰਬਜੋਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਨ੍ਹਾਂ ਦਾ ਜਾਤੀ ਸਰਟੀਫ਼ਿਕੇਟ ਲੈ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ਾਰੈਂਸਿਕ ਜਾਂਚ ਲਈ ਭੇਜਣ ਵਾਸਤੇ ਸ਼ਿਕਾਇਤਕਰਤਾ ਤੋਂ ਮੀਡੀਆ ਰਿਕਾਰਡ ਵੀ ਪ੍ਰਾਪਤ ਕਰ ਲਿਆ ਹੈ।
ਐੱਸ.ਸੀ ਕਮਿਸ਼ਨ ਨੇ ਰਾਜਾ ਵੜਿੰਗ ਸਬੰਧੀ ਅਗਲੀ ਕਾਰਵਾਈ ਬਾਰੇ 19 ਨਵੰਬਰ ਨੂੰ ਪੁਲਿਸ ਤੋਂ ਮੁੜ ਰਿਪੋਰਟ ਮੰਗੀ ਹੈ। ਜਸਵੀਰ ਸਿੰਘ ਗੜ੍ਹੀ ਨੇ ਪੁਲਿਸ ਨੂੰ ਇਸ ਮਾਮਲੇ ‘ਚ ਹਫ਼ਤਵਾਰੀ ਰਿਪੋਰਟ ਦੇਣ ਦੇ ਹੁਕਮ ਵੀ ਦਿੱਤੇ ਹਨ।
ਇਸੇ ਤਰ੍ਹਾਂ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਹੁਰਮਤੀ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਾਹਮਣੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਤਰਫ਼ੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਰਵਿੰਦ ਸਿੰਘ ਸੱਚਦੇਵਾ ਪੇਸ਼ ਹੋਏ ਅਤੇ ਉਨ੍ਹਾਂ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਗਲੀ ਤਾਰੀਖ਼ ਦੇਣ ਦੀ ਮੰਗ ਰੱਖੀ। ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਇਹ ਮੰਗ ਪ੍ਰਵਾਨ ਕਰ ਲਈ ਹੈ ਅਤੇ 19 ਨਵੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।
Read More: ਮਰਹੂਮ ਬੂਟਾ ਸਿੰਘ ਮਾਮਲੇ ‘ਚ ਰਾਜਾ ਵੜਿੰਗ ਨੇ SC ਕਮਿਸ਼ਨ ਤੋਂ ਜ਼ਿਮਨੀ ਚੋਣ ਤੱਕ ਪੇਸ਼ੀ ਤੋਂ ਮੰਗੀ ਛੋਟ




