ਚੰਡੀਗੜ੍ਹ, 10 ਨਵੰਬਰ 2025: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੈਨੇਟ ਸੋਧ ਪ੍ਰਸਤਾਵ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ, ਪਰ ਸੈਨੇਟ ਚੋਣਾਂ ਦੀ ਤਾਰੀਖ਼ ਤੈਅ ਹੋਣ ਤੱਕ ਅਜੇ ਵੀ ਪ੍ਰਦਰਸ਼ਨ ਕਰ ਰਹੇ ਹਨ।
ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ (ਪੀਯੂ) ‘ਚ ਚੱਲ ਰਹੀਆਂ ਸੈਨੇਟ ਚੋਣਾਂ ਦੇ ਸਬੰਧ ‘ਚ ਚੰਡੀਗੜ੍ਹ ‘ਚ ਹੋਏ ਵਿਰੋਧ ਪ੍ਰਦਰਸ਼ਨ ਨੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹਫੜਾ-ਦਫੜੀ ਮਚਾ ਦਿੱਤੀ। ਵਿਦਿਆਰਥੀ ਸੰਗਠਨਾਂ ਅਤੇ ਹੋਰ ਸਮੂਹਾਂ ਦੇ ਸਮਰਥਨ ‘ਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਸਰਹੱਦਾਂ ਸੀਲ ਕਰ ਦਿੱਤੀਆਂ, ਜਿਸ ਕਾਰਨ ਮੋਹਾਲੀ, ਜ਼ੀਰਕਪੁਰ ਅਤੇ ਨਿਊ ਚੰਡੀਗੜ੍ਹ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਵੇਰ ਤੋਂ ਹੀ ਚੰਡੀਗੜ੍ਹ ਪੁਲਿਸ ਨੇ ਫੇਜ਼ 6, ਫੇਜ਼ 2, ਜ਼ੀਰਕਪੁਰ ਅਤੇ ਨਿਊ ਚੰਡੀਗੜ੍ਹ ਸਮੇਤ ਸਾਰੇ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ ਸੀ। ਪੁਲਿਸ ਨੇ ਕਈ ਥਾਵਾਂ ‘ਤੇ ਬੈਰੀਕੇਡ ਲਗਾਏ, ਜਿਸ ਨਾਲ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲੱਗੀ ਹੋਈ ਸੀ। ਫੇਜ਼ 6 ‘ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜੱਪ ਵੀ ਹੋਈ। ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਪੀਯੂ ਚੰਡੀਗੜ੍ਹ ਦੇ ਗੇਟ ਨੰਬਰ 1 ‘ਤੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ। ਵਿਦਿਆਰਥੀਆਂ ਨੇ ਸਾਰੇ ਬੈਰੀਕੇਡ ਹਟਾ ਦਿੱਤੇ ਅਤੇ “ਚੰਡੀਗੜ੍ਹ ਪੁਲਿਸ ਵਾਪਸ ਜਾਓ” ਦੇ ਨਾਅਰੇ ਲਗਾਉਂਦੇ ਹੋਏ ਅੰਦਰ ਦਾਖਲ ਹੋਏ। ਪੀਯੂ ਦੇ ਗੇਟ ਨੰਬਰ 2 ‘ਚ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਨੂੰ ਵੀ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ |
Read More: ਕੇਂਦਰ ਵੱਲੋਂ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਫ਼ੈਸਲਾ ਖਿਲਾਫ਼ ASAP ਤੇ ‘ਆਪ’ ਆਗੂਆਂ ਦਾ ਰੋਸ ਪ੍ਰਦਰਸ਼ਨ




