ਬਿਹਾਰ, 08 ਨਵੰਬਰ 2025: ਸਮਸਤੀਪੁਰ ਦੇ ਸਰਾਏਰੰਜਨ ਵਿਧਾਨ ਸਭਾ ਹਲਕੇ ‘ਚ ਕੇਐਸਆਰ ਕਾਲਜ ਦੇ ਨੇੜੇ ਸੜਕ ‘ਤੇ ਵੱਡੀ ਗਿਣਤੀ ‘ਚ ਵੀਵੀਪੈਟ ਸਲਿੱਪਾਂ ਮਿਲੀਆਂ। ਚੋਣ ਕਮਿਸ਼ਨ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਦੋ ਕਰਮਚਾਰੀਆਂ ਨੂੰ ਹਟਾ ਦਿੱਤਾ ਹੈ।
ਇਸਦੇ ਨਾਲ ਹੀ ਸੰਬੰਧਿਤ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਇਹ ਵੀ ਕਿਹਾ ਹੈ ਕਿ ਜਾਂਚ ‘ਚ ਮੁਲਜ਼ਮ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਐਫ.ਆਈ.ਆਰ ਦਰਜ ਕੀਤੀ ਜਾਵੇਗੀ। ਇਸ ਨਾਲ ਵੋਟ ਗਿਣਤੀ ‘ਤੇ ਕੋਈ ਅਸਰ ਨਹੀਂ ਪਵੇਗਾ।
ਬਿਹਾਰ ਵਿਧਾਨ ਸਭਾ ਚੋਣਾਂ। ਚ ਵੋਟਿੰਗ ਦਾ ਪਹਿਲਾ ਪੜਾਅ 6 ਨਵੰਬਰ ਨੂੰ ਹੋਇਆ ਸੀ। ਸਰਾਏਰੰਜਨ ਵਿਧਾਨ ਸਭਾ ਹਲਕੇ ਵਿੱਚ ਵੀ ਵੋਟਿੰਗ ਹੋਈ। ਵੋਟਿੰਗ ਤੋਂ ਪਹਿਲਾਂ ਹਰ ਬੂਥ ‘ਤੇ ਇੱਕ ਮੌਕ ਪੋਲ ਕੀਤਾ ਜਾਂਦਾ ਹੈ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਈਵੀਐਮ ਅਤੇ ਵੀਵੀਪੈਟ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
ਵੋਟਿੰਗ ਤੋਂ ਦੋ ਦਿਨ ਬਾਅਦ, ਸ਼ੀਤਲਪੱਟੀ ਪਿੰਡ ‘ਚ ਕੂੜੇ ਦੇ ਢੇਰ ‘ਚੋਂ ਵੀਵੀਪੈਟ ਸਲਿੱਪਾਂ ਮਿਲੀਆਂ। ਮਹਾਂਗਠਜੋੜ ‘ਚ ਸ਼ਾਮਲ ਪਾਰਟੀਆਂ ਇਸ ਘਟਨਾ ਅਤੇ ਚੋਣ ਕਮਿਸ਼ਨ ‘ਤੇ ਸਵਾਲ ਉਠਾ ਰਹੀਆਂ ਹਨ।
ਆਰਜੇਡੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ‘ਚ ਇਹ ਵੀ ਲਿਖਿਆ ਸੀ, “ਸਮਸਤੀਪੁਰ ਦੇ ਸਰਾਇਰੰਜਨ ਵਿਧਾਨ ਸਭਾ ਹਲਕੇ ‘ਚ ਕੇਐਸਆਰ ਕਾਲਜ ਦੇ ਨੇੜੇ ਸੜਕ ‘ਤੇ ਈਵੀਐਮ ਤੋਂ ਵੱਡੀ ਗਿਣਤੀ ‘ਚ ਵੀਵੀਪੈਟ ਸਲਿੱਪਾਂ ਸੁੱਟੀਆਂ ਗਈਆਂ।”
ਸੂਚਨਾ ਮਿਲਣ ‘ਤੇ, ਸਮਸਤੀਪੁਰ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਰੋਸ਼ਨ ਕੁਸ਼ਵਾਹਾ ਅਤੇ ਪੁਲਿਸ ਸੁਪਰਡੈਂਟ (ਐਸਪੀ) ਅਰਵਿੰਦ ਪ੍ਰਤਾਪ ਸਿੰਘ ਮੌਕੇ ‘ਤੇ ਪਹੁੰਚੇ। ਐਸਡੀਓ ਦਿਲੀਪ ਕੁਮਾਰ ਵੀ ਜਾਂਚ ‘ਚ ਸ਼ਾਮਲ ਹੋਏ। ਅਧਿਕਾਰੀਆਂ ਨੇ ਘਟਨਾ ਸਥਾਨ ਤੋਂ ਸਾਰੀਆਂ ਸਲਿੱਪਾਂ ਜ਼ਬਤ ਕੀਤੀਆਂ ਅਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।
ਡੀਐਮ ਰੋਸ਼ਨ ਕੁਸ਼ਵਾਹਾ ਨੇ ਕਿਹਾ ਕਿ ਸਲਿੱਪਾਂ ‘ਤੇ ਛਪੀ ਜਾਣਕਾਰੀ ਨਾਲ ਜੁੜੇ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸਲਿੱਪਾਂ ਕਿਸ ਪੋਲਿੰਗ ਸਟੇਸ਼ਨ ਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਸ਼ਾਮ 5 ਵਜੇ ਤੱਕ 60.18 % ਵੋਟਿੰਗ ਦਰਜ




