ਚੰਡੀਗੜ੍ਹ, 07 ਨਵੰਬਰ, 2025: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਬਿਹਤਰ ਆਵਾਜਾਈ ਸੇਵਾਵਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ | ਇਸ ਤਹਿਤ ਨੌਜਵਾਨਾਂ ਨੂੰ ਸਵੈ-ਨਿਰਭਰ ਰੇ ਪੇਂਡੂ ਇਲਾਕਿਆਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਲਈ ਪੰਜਾਬ ਸਰਕਾਰ ਨੇ 3,000 ਬੰਦ ਪਏ ਬੱਸ ਰੂਟਾਂ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਨੂੰ ਤੇਜ਼ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ ਇਸ ਪਹਿਲਕਦਮੀ ਨਾਲ 10,000 ਤੋਂ ਵੱਧ ਨੌਜਵਾਨਾਂ ਲਈ ਸਿੱਧੇ ਸਵੈ-ਰੁਜ਼ਗਾਰ ਪੈਦਾ ਹੋਣਗੇ |
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਕੇ, ਸੂਬਾ ਸਰਕਾਰ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀ ਦੇਣ ਵਾਲਿਆਂ ‘ਚ ਬਦਲ ਦੇਵੇਗੀ। 3,000 ਮੁੜ ਸੁਰਜੀਤ ਕੀਤੇ ਰੂਟਾਂ ‘ਤੇ ਚੱਲਣ ਲਈ ਲਗਭਗ 3,000 ਨਵੀਆਂ ਬੱਸਾਂ ਦੀ ਲੋੜ ਹੈ ਅਤੇ ਸੂਬਾ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਬੱਸ ਸਿੱਧੇ ਤੌਰ ‘ਤੇ ਘੱਟੋ-ਘੱਟ ਤਿੰਨ ਜਣਿਆਂ ਨੂੰ ਰੁਜ਼ਗਾਰ ਦੇਵੇਗੀ, ਜਿਸ ਨਾਲ ਕੁੱਲ 10,000 ਤੋਂ ਵੱਧ ਨੌਜਵਾਨਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਵੀਆਂ ਬੱਸਾਂ ਖਰੀਦਣ ਲਈ ਨੌਜਵਾਨਾਂ ਨੂੰ ਆਸਾਨ ਅਤੇ ਤੇਜ਼ ਕਰਜ਼ੇ ਪ੍ਰਦਾਨ ਕਰਨ ਲਈ ਇੱਕ ਵਿਧੀ ਵੀ ਸਥਾਪਤ ਕੀਤੀ ਹੈ। ਇਹ ਪਹਿਲ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਆਵਾਜਾਈ ਕਾਰੋਬਾਰ ਸ਼ੁਰੂ ਕਰਨ ਲਈ ਮਜਬੂਤ ਕਰੇਗੀ |
ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਜ਼ਨ ਦੇ ਤਹਿਤ ਇਸਨੂੰ ਜ਼ਮੀਨੀ ਪੱਧਰ ‘ਤੇ ਲਾਗੂ ਵੀ ਕੀਤਾ ਹੈ। ਉਨ੍ਹਾਂ ਕਿਹਾ, “ਇਹ ਪਰਮਿਟ ਸਿਰਫ਼ ਕਾਗਜ਼ੀ ਨਹੀਂ ਹਨ, ਸਗੋਂ ਸਾਡੇ ਬੇਰੁਜ਼ਗਾਰ ਨੌਜਵਾਨਾਂ ਲਈ ਸਵੈ-ਨਿਰਭਰਤਾ ਲਈ ਪਾਸਪੋਰਟ ਹਨ।
ਉਨ੍ਹਾਂ ਕਿਹਾ ਕਿ ਇਹ ਬੱਸਾਂ ਮੁੱਖ ਤੌਰ ‘ਤੇ ਪੇਂਡੂ ਲਿੰਕ ਸੜਕਾਂ ਅਤੇ ਹੋਰ ਜ਼ਿਲ੍ਹਾ ਸੜਕਾਂ ‘ਤੇ ਚੱਲਣਗੀਆਂ, ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਦੂਰੀ ਘਟੇਗੀ। ਬਿਹਤਰ ਆਵਾਜਾਈ ਸਹੂਲਤਾਂ ਨੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ‘ਚ ਕਾਫ਼ੀ ਰਾਹਤ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਸ਼ੁਰੂਆਤੀ ਪੜਾਅ ‘ਚ ਇਸ ਯੋਜਨਾ ਤਹਿਤ 154 ਸਟੇਜ ਕੈਰੇਜ ਪਰਮਿਟ ਜਾਰੀ ਕੀਤੇ ਹਨ। ਇਹ ਪਰਮਿਟ ਮੋਟਰ ਵਾਹਨ ਐਕਟ, 1988 ਦੀ ਧਾਰਾ 5 ਦੇ ਨਾਲ-ਨਾਲ ਪੰਜਾਬ ਸਰਕਾਰ ਦੁਆਰਾ ਪ੍ਰਵਾਨਿਤ ਟਰਾਂਸਪੋਰਟ ਯੋਜਨਾ ਦੀ ਧਾਰਾ 3(e) ਦੇ ਤਹਿਤ ਜਾਰੀ ਕੀਤੇ ਹਨ |
Read More: ਪੰਜਾਬ ਸਰਕਾਰ ਨੇ ਚੱਬੇਵਾਲ ‘ਚ ਸੜਕ ਦਾ ਨਾਮ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਰੱਖਿਆ




