ਚੰਡੀਗੜ੍ਹ 7 ਨਵੰਬਰ 2025: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਤਰਨਤਾਰਨ ਉਪ ਚੋਣ ਲਈ ਕਾਂਗਰਸ ਉਮੀਦਵਾਰ ਕਰਨਵੀਰ ਬੁਰਜ ਵਿਰੁੱਧ ਗੰਭੀਰ ਸ਼ਿਕਾਇਤ ਦਰਜ ਕਰਵਾਈ ਹੈ। ਚੁੱਘ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਸਿੱਖ ਧਾਰਮਿਕ ਚਿੰਨ੍ਹਾਂ ਦਾ “ਘੋਰ ਅਪਮਾਨ” ਕੀਤਾ ਹੈ ਅਤੇ ਧਾਰਮਿਕ ਭਾਵਨਾਵਾਂ ਨਾਲ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਚੋਣ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਹੈ।
ਚੁੱਘ ਨੇ ਕਿਹਾ ਕਿ ਬਾਜਵਾ ਅਤੇ ਬੁਰਜ ਵੱਲੋਂ ਆਯੋਜਿਤ ਇੱਕ ਜਨਤਕ ਮੀਟਿੰਗ ਵਿੱਚ, ਸਟੇਜ ‘ਤੇ ਇੱਕ ਬੈਨਰ ‘ਤੇ ਛੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਦੇ ਹੇਠਾਂ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਦਿਖਾਈ ਗਈ ਸੀ, ਜੋ ਇੱਕ ਸਤਿਕਾਰਯੋਗ ਸਿੱਖ ਸੰਤ ਸਨ ਅਤੇ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਗਏ ਸਨ। ਚੁਘ ਨੇ ਕਿਹਾ ਕਿ ਇਹ ਕਾਰਵਾਈ ਚੋਣ ਜ਼ਾਬਤੇ ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀਆਂ ਧਾਰਾਵਾਂ 123(3) ਅਤੇ 125 ਦੀ ਸ਼ਰੇਆਮ ਉਲੰਘਣਾ ਹੈ, ਜੋ ਚੋਣਾਂ ਵਿੱਚ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਨੂੰ ਵਰਜਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਦੋਵਾਂ ਕਾਂਗਰਸੀ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇ ਅਤੇ ਉਨ੍ਹਾਂ ਨੂੰ ਤਰਨਤਾਰਨ ਉਪ ਚੋਣ ਵਿੱਚ ਹੋਰ ਪ੍ਰਚਾਰ ਕਰਨ ਤੋਂ ਤੁਰੰਤ ਰੋਕੇ। ਚੁੱਘ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਪੂਰੇ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਦੋਵਾਂ ਆਗੂਆਂ ਵਿਰੁੱਧ ਤੁਰੰਤ ਕੇਸ ਦਰਜ ਕਰਨ।
Read More: ਤਰੁਣ ਚੁੱਘ ਦੀ ਅਗਵਾਈ ਹੇਠ ਗੁੱਸੇ ‘ਚ ਆਏ ਭਾਜਪਾ ਵਰਕਰਾਂ ਨੇ ਸਾੜਿਆ ਰਾਹੁਲ ਗਾਂਧੀ ਦਾ ਪੁਤਲਾ




