Kabaddi player Jeet Kotli

ਅੰਤਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਦੇਹਾਂਤ, ਪਿੰਡ ਵਾਸੀਆਂ ਵੱਲੋਂ ਪਰਿਵਾਰਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ

ਮੌੜ ਮੰਡੀ, 06 ਨਵੰਬਰ 2025: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦਾ 35 ਸਾਲ ਦੀ ਉਮਰ ‘ਚ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਜੀਤ ਕੋਟਲੀ ਦਾ ਅੰਤਿਮ ਸਸਕਾਰ ਉਸ ਦੇ ਪਿੰਡ ਕੋਟਲੀ ਖੁਰਦ ਵਿਖੇ ਕੀਤਾ ਗਿਆ। ਉਸ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਅਤੇ ਕਬੱਡੀ ਖਿਡਾਰੀਆਂ ਨੇ ਉਂਨ੍ਹਾ ਨੂੰ ਸ਼ਰਧਾਂਜਲੀ ਭੇਂਟ ਕੀਤੀ |

ਇਸ ਮੌਕੇ ਪਿੰਡ ਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਬਚਪਨ ‘ਚ ਹੀ ਜੀਤ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਉਸ ਦੇ ਪਿਤਾ ਨੇ 4 ਕੁੜੀਆਂ ਅਤੇ ਜੀਤ ਦ ਪਾਲਣ ਪੋਸ਼ਣ ਕੀਤਾ। ਉਨ੍ਹਾਂ ਦੱਸਿਆ ਕਿ ਜੀਤ ਕੋਟਲੀ ਦੀ ਕੁਝ ਕੁ ਦਿਨ ਪਹਿਲਾਂ ਇਨਫੈਕਸ਼ਨ ਵਧੀ ਸੀ, ਜਿਸ ਕਾਰਨ ਗੁਰਦਿਆਂ ਨੂੰ ਨੁਕਸਾਨ ਹੋਇਆ | ਇਸਦੇ ਚੱਲਦੇ ਜੀਤ ਕੋਟਲੀ ਨੂੰ ਬਠਿੰਡਾ ਦੇ ਗੋਲਡਨ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਕਿ ਅੱਜ ਸਵੇਰ ਜੀਤ ਦੀ ਮੌਤ ਹੋ ਗਈ।

ਚਾਰ ਭੈਣਾਂ ਦੇ ਇਕਲੌਤੇ ਭਰਾ ਜੀਤ ਕੋਟਲੀ ਆਪਣੇ ਪਿਛੇ ਪਿਤਾ,ਪਤਨੀ ਅਤੇ ਇੱਕ ਪੁੱਤਰ ਅਤੇ ਇਕ ਧੀ ਛੱਡ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜੀਤ ਬਹੁਤ ਹੋਣਹਾਰ ਮੁੰਡਾ ਸੀ, ਜਿਸ ਦੇ ਪਿੰਡ ਦਾ ਨਾਮ ਅੰਤਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ। ਪਿੰਡ ਵਾਸੀਆਂ ਅਤੇ ਸਸਕਾਰ ਮੌਕੇ ਆਏ ਹੋਏ ਕਬੱਡੀ ਖਿਡਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੀਤ ਕੋਟਲੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ ਵੀ ਕੀਤੀ ਜਾਵੇ।

ਜੀਤ ਕੋਟਲੀ ਦੇ ਦਿਹਾਂਤ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਦਿਆਲ ਸੋਢੀ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਜਗਸੀਰ ਸ਼ਰਮਾ ਕੋਟਲੀ ਆਦਿ ਨੇ ਵੀ ਦੁੱਖ ਜ਼ਾਹਰ ਕਰਦੇ ਹੋਏ ਦੁਖੀ ਪਰਿਵਾਰ ਨਾਲ ਹਮਦਰਦੀ ਜਤਾਈ ਹੈ|

Read More: ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ, ਅੰਤਿਮ ਸਸਕਾਰ ਕਰਨ ਤੋਂ ਇਨਕਾਰ

Scroll to Top