ਐੱਸ.ਏ.ਐੱਸ ਨਗਰ (ਮੋਹਾਲੀ), 06 ਨਵੰਬਰ 2025: ਐੱਸ.ਏ.ਐੱਸ ਨਗਰ ਜ਼ਿਲ੍ਹਾ ਸਿਹਤ ਵਿਭਾਗ ਨੇ ਠੰਢ ਦੀ ਆਮਦ ਅਤੇ ਹਵਾ ਦੀ ਗੁਣਵੱਤਾ ’ਚ ਵਿਗਾੜ ਨੂੰ ਵੇਖਦਿਆਂ ਮੋਹਾਲੀ ਵਾਸੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਅੱਜ ਕੱਲ੍ਹ ਠੰਢ ਅਤੇ ਹਵਾ ਪ੍ਰਦੂਸ਼ਣ ਵਧਣ ਕਾਰਨ ਵਾਇਰਲ ਬੁਖ਼ਾਰ, ਖੰਘ, ਜ਼ੁਕਾਮ, ਸਿਰਦਰਦ, ਘਬਰਾਹਟ ਅਤੇ ਸਾਹ ਦੀ ਸਮੱਸਿਆ ਦੇ ਮਾਮਲੇ ਵੱਧ ਰਹੇ ਹਨ |
ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ‘ਚ ਜ਼ਿਲ੍ਹਾ ਵਾਸੀਆਂ ਨੂੰ ਠੰਢ ਅਤੇ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਸਾਹ ਦੀਆਂ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਅਤੇ ਘੱਟ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਵਿਅਕਤੀਆਂ ਨੂੰ ਇਨ੍ਹੀਂ ਦਿਨੀਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਵੇਖਣ ਲਈ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਵੈਬਸਾਈਟ ਵੇਖੀ ਜਾਵੇ। ਜੇ ਏ.ਕਿਊ.ਆਈ. 200 ਤੋਂ ਵੱਧ ਹੁੰਦਾ ਹੈ ਤਾਂ ਬਾਹਰ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਵਿਸ਼ੇਸ਼ ਤੌਰ ’ਤੇ ਸਵੇਰ ਵੇਲੇ ਜਾਂ ਦੇਰ ਸ਼ਾਮ ਸਮੇਂ ਭੀੜ-ਭਾੜ ਵਾਲੇ ਇਲਾਕੇ ‘ਚ ਜਾਣ ਤੋਂ ਬਚਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਘਰਾਂ ਦੀਆਂ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ ।
ਡਾ. ਜੈਨ ਨੇ ਆਖਿਆ ਕਿ ਜਿਹੜੇ ਵਿਅਕਤੀਆਂ ਨੂੰ ਸਾਹ ਲੈਣ ’ਚ ਦਿੱਕਤ, ਖੰਘ, ਛਾਤੀ ’ਚ ਗੜਬੜ, ਸਿਰਦਰਦ, ਅੱਖਾਂ ’ਚ ਖਾਰਸ਼ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ’ਚ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਉੱਚ-ਜੋਖਮ ਵਰਗਾਂ ਖ਼ਾਸਕਰ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਨੂੰ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਬਾਹਰ ਜਾਣਾ ਵੀ ਪਵੇ ਤਾਂ ਮੂੰਹ ਢੱਕ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਲਾਹ ਦਿਤੀ ਕਿ ਖੁਲ੍ਹੇ ’ਚ ਲੱਕੜਾਂ, ਪੱਤਿਆਂ, ਫ਼ਸਲੀ ਰਹਿੰਦ-ਖੂੰਹਦ ਨੂੰ ਨਾ ਜਲਾਇਆ ਜਾਵੇ ਅਤੇ ਆਤਿਸ਼ਬਾਜ਼ੀ ਤੋਂ ਵੀ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਇਨ੍ਹਾਂ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਸਮੀ ਫਲਾਂ ਦਾ ਸੇਵਨ ਕਰਨ, ਸਿਗਰਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦੀ ਵਰਤੋਂ ਤੋਂ ਬਚਿਆ ਜਾਵੇ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਕਿ ਸਰੀਰ ਅੰਦਰ ਪਾਣੀ ਦੀ ਕਮੀ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਗੱਡੀ ’ਚ ਸਫ਼ਰ ਕਰਦੇ ਸਮੇਂ ਤਾਕੀਆਂ ਬੰਦ ਰੱਖੀਆਂ ਜਾਣ ਅਤੇ ਜਨਤਕ ਆਵਾਜਾਈ ਸਿਸਟਮ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
Read More: ਦੀਵਾਲੀ ‘ਤੇ ਪਟਾਕੇ ਸਾੜਣ ਦੇ ਨੁਕਸਾਨ ਅਤੇ ਬਚਾਅ ਦੇ ਤਰੀਕੇ




