ਚੰਡੀਗੜ੍ਹ, 31 ਅਕਤੂਬਰ 2025: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੀ.ਐਮ. ਫਲਾਇੰਗ ਸਕੁਐਡ ਸੂਬੇ ਭਰ ‘ਚ ਪੰਜਾਬ ਮੰਡੀ ਬੋਰਡ ਅਤੇ ਪੀ.ਡਬਲਿਊ.ਡੀ. ਵੱਲੋਂ ਦਿਹਾਤੀ ਲਿੰਕ ਸੜਕਾਂ ਦੇ ਕਰਵਾਏ ਜਾ ਰਹੇ ਨਵੀਨੀਕਰਨ ਕਾਰਜਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਜ਼ਰ ਰੱਖ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਨਿਗਰਾਨੀ ਪੰਜਾਬ ਸਰਕਾਰ ਵੱਲੋਂ 4150 ਕਰੋੜ ਰੁਪਏ ਦੀ ਲਾਗਤ ਨਾਲ 19,491 ਕਿਲੋਮੀਟਰ ਲਿੰਕ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਸਬੰਧੀ ਸ਼ੁਰੂ ਕੀਤੇ ਪ੍ਰੋਜੈਕਟ ਦਾ ਹਿੱਸਾ ਹੈ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੜਕਾਂ ਦੇ ਨਵੀਨੀਕਰਨ ਲਈ ਬਿਹਤਰੀਨ ਗੁਣਵੱਤਾ ਵਾਲੀ ਸਮੱਗਰੀ ਵਰਤੀ ਜਾ ਰਹੀ ਹੈ, ਉਨ੍ਹਾਂ ਨੇ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਠੇਕੇਦਾਰ ਸਮੱਗਰੀ ਦੀ ਗੁਣਵੱਤਾ ਨਾਲ ਸਮਝੌਤਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੀ.ਐਮ. ਫਲਾਇੰਗ ਸਕੁਐਡ ਟੀਮਾਂ ਫ਼ੀਲਡ ਹੁਣ ਤੱਕ ਸੱਤ ਜ਼ਿਲ੍ਹਿਆਂ ‘ਚ ਕਾਰਜਾਂ ਦਾ ਨਿਰੀਖਣ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਜ਼ਿਲ੍ਹਿਆਂ ‘ਚ ਫਰੀਦਕੋਟ, ਐਸ.ਬੀ.ਐਸ. ਨਗਰ, ਤਰਨ ਤਾਰਨ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਪਟਿਆਲਾ ਅਤੇ ਗੁਰਦਾਸਪੁਰ ਸ਼ਾਮਲ ਹਨ।
ਗੁਰਮੀਤ ਖੁੱਡੀਆਂ ਨੇ ਦੱਸਿਆ ਕਿ ਪੰਜਾਬ ‘ਚ ਕੁੱਲ 30,237 ਲਿੰਕ ਸੜਕਾਂ ਹਨ ਜਿਨ੍ਹਾਂ ਦੀ ਕੁੱਲ ਲੰਬਾਈ 64,878 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ 33492 ਕਿਲੋਮੀਟਰ ਸੜਕਾਂ ਪੰਜਾਬ ਮੰਡੀ ਬੋਰਡ ਅਧੀਨ ਹਨ ਅਤੇ 31,386 ਕਿਲੋਮੀਟਰ ਸੜਕਾਂ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਅਧੀਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ 19,491.56 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀਆਂ 7,373 ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਸਬੰਧੀ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇ 4,150.42 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ‘ਚ ਪੰਜ ਸਾਲਾਂ ਦੇ ਰੱਖ-ਰਖਾਅ ਦਾ ਖਰਚਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 3,424.67 ਕਰੋੜ ਰੁਪਏ ਮੁਰੰਮਤ ਅਤੇ ਅਪਗ੍ਰੇਡੇਸ਼ਨ ਲਈ ਖਰਚ ਕੀਤੇ ਜਾਣਗੇ ਜਦੋਂ ਕਿ 725.75 ਕਰੋੜ ਰੁਪਏ ਪੰਜ ਸਾਲਾਂ ਦੇ ਰੱਖ-ਰਖਾਅ ਲਈ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਲਈ ਕੀਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਰਵੇਖਣ ਦੇ ਨਤੀਜੇ ਵਜੋਂ 383.53 ਕਰੋੜ ਰੁਪਏ ਦੀ ਬੱਚਤ ਹੋਈ ਹੈ।
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਧੁੰਦ ਜਾਂ ਹਨੇਰੇ ਦੌਰਾਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਮੁਰੰਮਤ ਅਤੇ ਅੱਪਗ੍ਰੇਡ ਕੀਤੀਆਂ ਲਿੰਕ ਸੜਕਾਂ ‘ਤੇ 91.83 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸ਼ੇਸ਼ ਸੜਕ ਸੁਰੱਖਿਆ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧੁੰਦ ਜਾਂ ਹਨੇਰੇ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿੰਕ ਸੜਕਾਂ ਦੇ ਦੋਵੇਂ ਪਾਸੇ ਤਿੰਨ ਇੰਚ ਚੌੜੀ ਚਿੱਟੀ ਪੱਟੀ ਪੇਂਟ ਕੀਤੀ ਜਾਵੇਗੀ।
Read More: ‘ਮਿਸ਼ਨ ਚੜ੍ਹਦੀਕਲਾ’ ਨੂੰ ਪੰਜਾਬ ਤੇ ਦੁਨੀਆ ਭਰ ਦੇ ਲੋਕਾਂ ਦਾ ਮਿਲਿਆ ਸਮਰਥਨ: CM ਮਾਨ
 
								 
								 
								 
								



