ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 31 ਅਕਤੂਬਰ 2025: ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਕੁੰਭੜਾ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੜ ਜਗ੍ਹਾ ‘ਤੇ ਬਣਾਏ ਜਾਣ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਕੁੰਭੜਾ ਵਿਖੇ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਹਿੱਸੇ ਦਾ ਸੰਤੁਲਿਤ ਵਿਕਾਸ ਕਰਨਾ ਹੈ |
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਵੀ ਸੂਬੇ ਦੀਆਂ ਹੋਰਨਾਂ ਸਥਾਨਕ ਸਰਕਾਰ ਚੋਣਾਂ ਵਾਂਗ ਹੀ ਸਮੇਂ ਸਿਰ ਫਰਵਰੀ-ਮਾਰਚ 2026 ‘ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਾਰਡਬੰਦੀ ਦੀ ਪ੍ਰਕਿਰਿਆ ਨਵੇਂ ਸਿਰਿਓ ਪੂਰੀ ਕੀਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਇਸ ਸਬੰਧੀ ਪੂਰਾ ਪ੍ਰੋਗਰਾਮ ਤਿਆਰ ਕਰ ਚੁੱਕੀ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਬਲੌਂਗੀ, ਬੜਮਜਰਾ ਅਤੇ ਟੀਡੀਆਈ ਇਲਾਕੇ ਦੇ ਲੋਕਾਂ ਵੱਲੋਂ ਮੋਹਾਲੀ ਕਾਰਪੋਰੇਸ਼ਨ ‘ਚ ਸ਼ਾਮਲ ਹੋਣ ਦੀ ਉੱਠਦੀ ਮੰਗ ਨੂੰ ਉਹ ਹਮੇਸ਼ਾ ਉੱਚ ਪੱਧਰ ‘ਤੇ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਪਿਛਲੇ 20 ਸਾਲਾਂ ਤੋਂ ਬਲੌਂਗੀ ਨਿਵਾਸੀਆਂ ਨੂੰ ਸ਼ਹਿਰ ‘ਚ ਸ਼ਾਮਲ ਹੋਣ ਦੇ ਲਈ ਲਾਰਾ ਲਾ ਰੱਖਿਆ ਹੈ, ਉਨ੍ਹਾਂ ਨੂੰ ਉਨ੍ਹਾਂ ਨਾਲ ਹੀ ਗੱਲ ਕਰਨੀ ਚਾਹੀਦੀ ਹੈ।
ਵਿਧਾਇਕ ਦਾ ਕਹਿਣਾ ਹੈ ਕਿ ਬਲੌਂਗੀ ਨਿਵਾਸੀਆਂ ਨਾਲ ਇਨ੍ਹਾਂ ਲੋਕਾਂ ਨੇ ਹੀ ਧੋਖਾ ਕੀਤਾ ਹੈ ਅਤੇ ਇੱਥੋਂ ਤੱਕ ਕਿ ਪਿਛਲੇ ਸਮੇਂ ਦੌਰਾਨ ਵਾਰਡਵੰਦੀ ਇਸ ਢੰਗ ਨਾਲ ਕਰਵਾਈ ਗਈ ਕਿ ਇੱਕ-ਇੱਕ ਵਾਰਡ ਨੂੰ ਤਿੰਨ-ਤਿੰਨ, ਚਾਰ-ਚਾਰ ਕਿਲੋਮੀਟਰ ਤੱਕ ਘੁਮਾਇਆ ਗਿਆ, ਪ੍ਰੰਤੂ ਹੁਣ ਵਾਰਡ ਇਸ ਢੰਗ ਨਾਲ ਬਣਾਏ ਜਾਣਗੇ ਕਿ ਲੋਕਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦੇ ਤੱਕ ਪਹੁੰਚ ਕਰਨ ਲਈ 500 ਤੋਂ 700 ਮੀਟਰ ਦੀ ਦੂਰੀ ਤੋਂ ਬਾਅਦ ਨਾ ਜਾਣਾ ਪਵੇ।
ਕੁਲਵੰਤ ਸਿੰਘ ਨੇ ਕਿਹਾ ਕਿ ਨਵਾਂ ਕਮਿਊਨਿਟੀ ਸੈਂਟਰ ਪਿੰਡ ਕੁੰਭੜਾ ਦੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਦਾ ਕੇਂਦਰ ਬਣੇਗਾ। ਇਹ ਸੈਂਟਰ ਇੱਕ ਸਾਲ ਦੇ ਅੰਦਰ ਤਿਆਰ ਹੋ ਜਾਵੇਗਾ, ਜਿਸ ‘ਚ 97 ਫੁੱਟ × 178 ਫੁੱਟ ਦਾ ਹਾਲ, ਰਸੋਈ, ਟਾਇਲਟ, ਵਰਾਂਡਾ, ਵਾਸ਼ਿੰਗ ਅਤੇ ਸਟੋਰੇਜ ਏਰੀਆ ਸ਼ਾਮਲ ਹੋਣਗੇ।
ਇਸ ਮੌਕੇ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਇਲਾਕਾ ਨਿਵਾਸੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਕੇ ਪੂਰਾ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਇਲਾਕੇ ਦੇ ਲੋਕਾਂ ਲਈ ਇੱਕ ਵਿਲੱਖਣ ਤੇ ਮਿਸਾਲੀ ਪ੍ਰੋਜੈਕਟ ਸਾਬਤ ਹੋਵੇਗਾ।
Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ‘ਚ 2.13 ਕਰੋੜ ਰੁਪਏ ਦੇ ਸੜ੍ਹਕੀ ਵਿਕਾਸ ਕਾਰਜਾਂ ਦੀ ਸ਼ੁਰੂਆਤ
 
								 
								 
								 
								



