ਕੈਨੇਡਾ, 28 ਅਕਤੂਬਰ 2025: ਸੋਮਵਾਰ ਨੂੰ ਕੈਨੇਡਾ ਦੇ ਐਬਟਸਫੋਰਡ ‘ਚ ਪੰਜਾਬ ਦੇ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਪਾਰੀ ਦੀ ਪਛਾਣ ਦਰਸ਼ਨ ਸਿੰਘ ਸਾਹਸੀ (68) ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਪਿੰਡ ਦਾ ਰਹਿਣ ਵਾਲਾ ਸੀ। ਉਹ ਕੈਨਮ ਇੰਟਰਨੈਸ਼ਨਲ ਦਾ ਪ੍ਰਧਾਨ ਸੀ, ਜਿਸਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈਕਸਟਾਈਲ ਰੀਸਾਈਕਲਿੰਗ ਕੰਪਨੀਆਂ ‘ਚੋਂ ਇੱਕ ਮੰਨਿਆ ਜਾਂਦਾ ਹੈ।
ਕੈਨੇਡੀਅਨ ਪੁਲਿਸ ਦੇ ਮੁਤਾਬਕ ਸਾਹਸੀ ਨੂੰ ਸੋਮਵਾਰ ਸਵੇਰੇ 9:30 ਵਜੇ (ਕੈਨੇਡੀਅਨ ਸਮੇਂ ਅਨੁਸਾਰ) ਰਿਜਵਿਊ ਅਤੇ ਸਮਿਟ ਡਰਾਈਵ ਦੇ ਕੋਨੇ ‘ਤੇ ਆਪਣੀ ਕਾਰ ‘ਚ ਬੈਠੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ, ਪਰ ਸਾਹਸੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਘਟਨਾ ਤੋਂ ਬਾਅਦ, ਪੁਲਿਸ ਨੇ ਇਲਾਕੇ ‘ਚ ਭਾਰੀ ਸੁਰੱਖਿਆ ਘੇਰਾਬੰਦੀ ਕਰ ਦਿੱਤੀ ਅਤੇ ਸਾਵਧਾਨੀ ਵਜੋਂ ਨੇੜਲੇ ਤਿੰਨ ਸਕੂਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ। ਕੈਨੇਡੀਅਨ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਕਤਲ ਦਾ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗਿਆ । ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਕਿਹਾ ਕਿ ਉਸਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਝਗੜਾ ਨਹੀਂ ਸੀ। ਕੋਈ ਧਮਕੀ ਨਹੀਂ , ਕੋਈ ਬਲੈਕਮੇਲ ਨਹੀਂ ਸੀ, ਕੋਈ ਜਬਰੀ ਵਸੂਲੀ ਦੀ ਮੰਗ ਨਹੀਂ ਸੀ। ਅਰਪਨ ਨੇ ਦੱਸਿਆ ਕਿ ਉਸਦੇ ਪਿਤਾ ਪੰਜਾਬ ‘ਚ ਇੱਕ ਕਿਸਾਨ ਸਨ, ਫਿਰ ਇੱਕ ਕਰੂਜ਼ ਜਹਾਜ਼ ‘ਤੇ ਕੰਮ ਕਰਦੇ ਸਨ। ਇਸ ਤੋਂ ਬਾਅਦ, ਉਹ ਕੈਨੇਡਾ ਆਏ ਅਤੇ ਇੱਕ ਕਾਰੋਬਾਰ ਸ਼ੁਰੂ ਕੀਤਾ। ਉਹ ਹਮੇਸ਼ਾ ਲੋਕਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਸਨ।
ਕੈਨਮ ਗਰੁੱਪ ਦਾ ਕੁੱਲ ਮੁੱਲ 840 ਅਮਰੀਕੀ ਡਾਲਰ ਅਤੇ 875 ਮਿਲੀਅਨ ਅਮਰੀਕੀ ਡਾਲਰ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ। ਕੰਪਨੀ ਦੇ ਸ਼ੇਅਰ 2017 ‘ਚ ਲਗਭਗ ਇਸ ਕੀਮਤ ‘ਤੇ ਖਰੀਦੇ ਗਏ ਸਨ, ਜਿਸ ‘ਚ ਕੰਪਨੀ ਦੀਆਂ ਕੁੱਲ ਸੰਪਤੀਆਂ ਅਤੇ ਦੇਣਦਾਰੀਆਂ ਸ਼ਾਮਲ ਹਨ।
Read More: ਕੈਨੇਡਾ ‘ਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੇ ਕ.ਤ.ਲ ਦੇ ਦੋਸ਼ ‘ਚ ਇੱਕ ਵਿਅਕਤੀ ਗ੍ਰਿਫ਼ਤਾਰ




