ਚੰਡੀਗੜ੍ਹ, 27 ਅਕਤੂਬਰ 2025: 11 ਨਵੰਬਰ ਨੂੰ ਹੋਣ ਵਾਲੀ ਤਰਨ ਤਾਰਨ ਵਿਧਾਨ ਸਭਾ ਹਲਕਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਬੀਤੇ ਦਿਨ ਮਾਈ ਭਾਗੋ ਕਾਲਜ ਆਫ਼ ਨਰਸਿੰਗ, ਪਿੱਦੀ ਵਿਖੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਤਾਇਨਾਤ ਪੋਲਿੰਗ ਸਟਾਫ਼ ਦੀ ਪਹਿਲੀ ਰਹਿਰਸਲ ਕਰਵਾਈ ਗਈ |
ਪੰਜਾਬ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਸਕੱਤਰ ਸਿੰਘ ਬੱਲ ਪੀਸੀਐੱਸ ਨੇ ਇਸ ਰਿਹਰਸਲ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਤਰਨ ਤਾਰਨ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਐੱਸਡੀਐੱਮ ਗੁਰਮੀਤ ਸਿੰਘ ਪੀਸੀਐੱਸ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਨੇ 1200 ਦੇ ਕਰੀਬ ਪੋਲਿੰਗ ਸਟਾਫ਼ ਨੂੰ ਈ.ਵੀ.ਐੱਮ, ਵੀਵੀਪੈਟ ਅਤੇ ਕੰਟਰੋਲ ਯੂਨਿਟ ਸਹਿਤ ਪੋਲਿੰਗ ਦੇ ਦਿਨ ਦੀਆਂ ਕਰਵਾਈਆਂ ਦੀ ਸਿਖਲਾਈ ਦਿੱਤੀ ਅਤੇ ਪੋਲਿੰਗ ਦੌਰਾਨ ਸਾਰੀ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਦਿੱਤੀ।
ਇਸ ਦੌਰਾਨ ਪ੍ਰੀਜ਼ਾਈਡਿੰਗ ਅਫਸਰਾਂ (ਪੀਆਰਓ) ਨੂੰ ਈਵੀਐਮ ਵੀਵੀਪੈਟ ਦੀ ਮੋਕ ਡਰਿੱਲ ਰਾਹੀ ਸਾਰੇ ਉਮੀਦਵਾਰਾਂ (ਨੋਟਾ ਸਹਿਤ) ਨੂੰ ਘੱਟੋ ਘੱਟ 5 ਵੋਟਾਂ ਤੇ ਕੁੱਲ 100 ਵੋਟਾਂ ਪਵਾ ਕੇ ਈਵੀਐਮ ਵੀਵੀਪੈਟ ਦੀ ਕਾਰਜਸ਼ੈਲੀ ਸਮਝਾਈ। ਪੀਆਰਓ ਨੇ ਈਵੀਐਮ ਵੀਵੀਪੈਟ ਦੇ ਕੰਮ ਕਰਨ ‘ਤੇ 100 ਫੀਸਦੀ ਭਰੋਸੇਯੋਗਤਾ ਅਤੇ ਪੂਰਾ ਵਿਸ਼ਵਾਸ ਪ੍ਰਗਟਾਇਆ।




