ਦਿੱਲੀ, 27 ਅਕਤੂਬਰ 2025: ਸੁਪਰੀਮ ਕੋਰਟ ਦੇ ਚੀਫ ਜਸਟਿਸ ਭੂਸ਼ਣ ਆਰ. ਗਵਈ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸੀਨੀਅਰ ਜੱਜ ਜਸਟਿਸ ਸੂਰਿਆ ਕਾਂਤ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਦਾ ਨਾਮ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਸੁਪਰੀਮ ਕੋਰਟ ਦੇ 53ਵੇਂ ਸੀਜੇਆਈ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਰਵਾਇਤੀ ਤੌਰ ‘ਤੇ, ਮੌਜੂਦਾ ਸੀਜੇਆਈ ਕਾਨੂੰਨ ਮੰਤਰਾਲੇ ਦੁਆਰਾ ਅਜਿਹਾ ਕਰਨ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਹੀ ਆਪਣੇ ਉੱਤਰਾਧਿਕਾਰੀ ਦੀ ਸਿਫ਼ਾਰਸ਼ ਕਰਦੇ ਹਨ। ਮੌਜੂਦਾ ਸੀਜੇਆਈ ਗਵਈ ਦਾ ਕਾਰਜਕਾਲ 23 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਜਸਟਿਸ ਸੂਰਿਆ ਕਾਂਤ 24 ਨਵੰਬਰ ਨੂੰ ਸੀਜੇਆਈ ਵਜੋਂ ਸਹੁੰ ਚੁੱਕਣਗੇ। ਉਹ 9 ਫਰਵਰੀ, 2027 ਨੂੰ ਸੇਵਾਮੁਕਤ ਹੋਣਗੇ। ਉਨ੍ਹਾਂ ਦਾ ਕਾਰਜਕਾਲ ਲਗਭੱਗ 14 ਮਹੀਨੇ ਹੋਵੇਗਾ। ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ‘ਚ ਸੇਵਾਮੁਕਤ ਹੁੰਦੇ ਹਨ।
ਜਸਟਿਸ ਸੂਰਿਆ ਕਾਂਤ ਹਰਿਆਣਾ ਨਾਲ ਸੰਬੰਧਿਤ
ਜਸਟਿਸ ਸੂਰਿਆ ਕਾਂਤ ਦਾ ਜਨਮ 10 ਫਰਵਰੀ 1962 ਨੂੰ ਹਰਿਆਣਾ ਦੇ ਹਿਸਾਰ ‘ਚ ਹੋਇਆ ਸੀ। ਉਨ੍ਹਾਂ ਨੇ 1981 ‘ਚ ਸਟੇਟ ਪੋਸਟ ਗ੍ਰੈਜੂਏਟ ਕਾਲਜ, ਹਿਸਾਰ ਤੋਂ ਗ੍ਰੈਜੂਏਸ਼ਨ ਕੀਤੀ। ਫਿਰ ਉਨ੍ਹਾਂ ਨੇ 1984 ‘ਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ 1984 ‘ਚ ਹਿਸਾਰ ਜ਼ਿਲ੍ਹਾ ਅਦਾਲਤ ‘ਚ ਕਾਨੂੰਨ ਦਾ ਅਭਿਆਸ ਸ਼ੁਰੂ ਕੀਤਾ। 1985 ‘ਚ ਜਸਟਿਸ ਸੂਰਿਆਕਾਂਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਅਭਿਆਸ ਸ਼ੁਰੂ ਕੀਤਾ।
ਉਨ੍ਹਾਂ ਨੂੰ ਮਾਰਚ 2001 ‘ਚ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 9 ਜਨਵਰੀ, 2004 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਥਾਈ ਜੱਜ ਬਣਨ ਤੱਕ ਹਰਿਆਣਾ ਦੇ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਈ। ਜਸਟਿਸ ਸੂਰਿਆਕਾਂਤ ਨੂੰ 24 ਮਈ, 2019 ਨੂੰ ਸੁਪਰੀਮ ਕੋਰਟ ‘ਚ ਤਰੱਕੀ ਦਿੱਤੀ ਸੀ।
ਜਸਟਿਸ ਸੂਰਿਆਕਾਂਤ ਭਾਰਤੀ ਨਿਆਂਪਾਲਿਕਾ ‘ਚ ਉੱਚ ਅਹੁਦੇ ‘ਤੇ ਪਹੁੰਚਣ ਵਾਲੇ ਹਰਿਆਣਾ ਤੋਂ ਪਹਿਲੇ ਵਿਅਕਤੀ ਹੋਣਗੇ। ਉਨ੍ਹਾਂ ਦੀ ਨਾਮਜ਼ਦਗੀ ਦੀ ਸਿਫ਼ਾਰਸ਼ ਕਰਦੇ ਹੋਏ, ਸੀਜੇਆਈ ਗਵਈ ਨੇ ਕਿਹਾ ਕਿ ਜਸਟਿਸ ਸੂਰਿਆਕਾਂਤ ਸੁਪਰੀਮ ਕੋਰਟ ਦਾ ਚਾਰਜ ਸੰਭਾਲਣ ਲਈ ਯੋਗ ਅਤੇ ਸਮਰੱਥ ਹਨ।
Read More: ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਗ੍ਰੀਨ ਪਟਾਕਿਆਂ ਸੰਬੰਧੀ ਨਵੇਂ ਆਦੇਸ਼ ਜਾਰੀ




