ਸ੍ਰੀ ਗੁਰੂ ਤੇਗ ਬਹਾਦਰ ਜੀ

ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਲਈ ਉੜੀਸਾ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਚੰਡੀਗੜ੍ਹ/ਭੁਵਨੇਸ਼ਵਰ, 23 ਅਕਤੂਬਰ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਮੁਲਾਕਾਤ ਕਰਨ ਸੰਬੰਧੀ ਭੁਵਨੇਸ਼ਵਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਨੌਵੇਂ ਸਿੱਖ ਗੁਰੂ, ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ‘ਚ ਕਰਵਾਏ ਜਾ ਰਹੇ ਸਮਾਗਮਾਂ ਲਈ ਮੁੱਖ ਮੰਤਰੀ ਮਾਝੀ ਨੂੰ ਸੱਦਾ ਦੇਣਾ ਸੀ।

ਉੜੀਸਾ ਦੇ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਬੈਠਕ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਅਤੇ ਯਾਦਗਾਰੀ ਪ੍ਰੋਗਰਾਮਾਂ ਦੇ ਪੈਮਾਨੇ ਅਤੇ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਮਾਗਮ ਗੁਰੂ ਸਾਹਿਬ ਵੱਲੋਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਇੱਕ ਕੌਮੀ ਸ਼ਰਧਾਂਜਲੀ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਭਾਰਤ ਦੇ ਇਤਿਹਾਸ ਦਾ ਉਹ ਮਹੱਤਵਪੂਰਨ ਹਿੱਸਾ ਹੈ ਜੋ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ‘ਹਿੰਦ ਦੀ ਚਾਦਰ’ ਵੱਲੋਂ ਕੀਤੀ ਬੇਮਿਸਾਲ ਕੁਰਬਾਨੀ ਇੱਕ ਅਜਿਹੀ ਕੌਮੀ ਵਿਰਾਸਤ ਹੈ ਜੋ ਸਾਰੀਆਂ ਧਾਰਮਿਕ ਅਤੇ ਖੇਤਰੀ ਹੱਦਾਂ ਤੋਂ ਪਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਸਮਾਗਮਾਂ ‘ਚ ਮੁੱਖ ਮੰਤਰੀ ਮੋਹਨ ਚਰਨ ਮਾਝੀ ਦਾ ਸਵਾਗਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਲਈ ਡੂੰਘਾ ਸਤਿਕਾਰ ਪ੍ਰਗ ਕੀਤਾ ਅਤੇ 350ਵੀਂ ਬਰਸੀ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਮੁੱਖ ਮੰਤਰੀ ਮਾਝੀ ਨੂੰ ਇੱਕ ਯਾਦਗਾਰੀ ਚਿੰਨ੍ਹ ਅਤੇ ਸਾਹਿਤ ਵੀ ਭੇਂਟ ਕੀਤਾ |

Read More: ਪੰਜਾਬ ਦੇ ਮੰਤਰੀਆਂ ਵੱਲੋਂ CM ਸਿੱਧਾਰਮੱਈਆ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ‘ਚ ਸ਼ਾਮਲ ਹੋਣ ਦਾ ਸੱਦਾ

Scroll to Top