ਸਪੋਰਟਸ/ਵਿਦੇਸ਼, 18 ਅਕਤੂਬਰ 2025: ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਕਤਿਕਾ ਸੂਬੇ ‘ਚ ਹਵਾਈ ਹਮਲਾ ਕੀਤਾ, ਜਿਸ ‘ਚ ਤਿੰਨ ਕਲੱਬ ਕ੍ਰਿਕਟ ਖਿਡਾਰੀਆਂ ਸਮੇਤ ਅੱਠ ਜਣੇ ਮਾਰੇ ਗਏ। ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਇਸਦੀ ਪੁਸ਼ਟੀ ਕੀਤੀ। ਹਮਲੇ ‘ਚ ਸੱਤ ਨਾਗਰਿਕ ਜ਼ਖਮੀ ਹੋਏ।
ਇਸ ਘਟਨਾ ਦੇ ਜਵਾਬ ‘ਚ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਨਵੰਬਰ ‘ਚ ਪਾਕਿਸਤਾਨ ‘ਚ ਹੋਣ ਵਾਲੀ ਤਿਕੋਣੀ ਟੀ-20 ਸੀਰੀਜ਼ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਇਹ ਕਦਮ ਮਾਰੇ ਗਏ ਕ੍ਰਿਕਟਰਾਂ ਦੇ ਸਨਮਾਨ ‘ਚ ਚੁੱਕਿਆ ਗਿਆ ਹੈ। ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਨੇ ਟੂਰਨਾਮੈਂਟ ‘ਚ ਹਿੱਸਾ ਲੈਣਾ ਸੀ।
ਅਫਗਾਨ ਮੀਡੀਆ ਆਉਟਲੈਟ ਟੋਲੋ ਨਿਊਜ਼ ਦੇ ਮੁਤਾਬਕ ਦੋਵਾਂ ਦੇਸ਼ਾਂ ਦੀ ਸਰਹੱਦ ਡੁਰੰਡ ਲਾਈਨ ਦੇ ਨੇੜੇ ਸਥਿਤ ਹਮਲਿਆਂ ‘ਚ ਅਰਗੁਨ ਅਤੇ ਬਰਮਲ ਜ਼ਿਲ੍ਹਿਆਂ ‘ਚ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
8 ਅਕਤੂਬਰ ਨੂੰ ਸ਼ੁਰੂ ਹੋਏ ਟਕਰਾਅ ਤੋਂ ਬਾਅਦ, ਦੋਵੇਂ ਦੇਸ਼ 15 ਅਕਤੂਬਰ ਦੀ ਸ਼ਾਮ ਨੂੰ 48 ਘੰਟੇ ਦੀ ਜੰਗਬੰਦੀ ‘ਤੇ ਸਹਿਮਤ ਹੋਏ। ਜੰਗਬੰਦੀ 17 ਅਕਤੂਬਰ ਦੀ ਸ਼ਾਮ ਨੂੰ ਖਤਮ ਹੋਣ ਵਾਲੀ ਸੀ, ਪਰ ਇਸ ਨੂੰ ਵਧਾਉਣ ‘ਤੇ ਸਹਿਮਤ ਹੋਏ।
ਏਸੀਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਖਿਡਾਰੀਆਂ ਕਬੀਰ, ਸਿਬਘਾਤੁੱਲਾ ਅਤੇ ਹਾਰੂਨ ‘ਤੇ ਹੋਇਆ, ਜੋ ਪਕਤਿਕਾ ਸੂਬੇ ਦੀ ਰਾਜਧਾਨੀ ਸ਼ਰਾਨਾ ‘ਚ ਇੱਕ ਦੋਸਤਾਨਾ ਕ੍ਰਿਕਟ ਮੈਚ ਤੋਂ ਵਾਪਸ ਆ ਰਹੇ ਸਨ।
ਟੀਮ ਨੇ 17 ਅਤੇ 23 ਨਵੰਬਰ ਨੂੰ ਪਾਕਿਸਤਾਨ ਵਿਰੁੱਧ ਮੈਚ ਖੇਡਣੇ ਸਨ। ਇਹ ਪਹਿਲਾ ਮੌਕਾ ਸੀ ਜਦੋਂ ਅਫਗਾਨਿਸਤਾਨ ਪਾਕਿਸਤਾਨੀ ਧਰਤੀ ‘ਤੇ ਖੇਡਦਾ। ਹਾਲਾਂਕਿ ਅਫਗਾਨਿਸਤਾਨ ਨੇ ਪਹਿਲਾਂ 2023 ਏਸ਼ੀਆ ਕੱਪ ਅਤੇ ਇਸ ਸਾਲ ਦੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਵਿੱਚ ਮੈਚ ਖੇਡੇ ਸਨ, ਪਰ ਉਨ੍ਹਾਂ ਦਾ ਸਾਹਮਣਾ ਮੇਜ਼ਬਾਨ ਟੀਮ ਨਾਲ ਨਹੀਂ ਹੋਇਆ।
Read More: SA W ਬਨਾਮ SL W: ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ