ਬਿਹਾਰ, 17 ਅਕਤੂਬਰ 2025: Bihar News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਤੋਂ ਬਿਹਾਰ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅਮਿਤ ਸ਼ਾਹ ਨੇ ਅੱਜ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਪਟਨਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ। ਦੋਵਾਂ ਨੇ ਲਗਭੱਗ 15 ਮਿੰਟ ਲਈ ਚੋਣ ਰਣਨੀਤੀ ‘ਤੇ ਚਰਚਾ ਕੀਤੀ। ਨਿਤੀਸ਼ ਨਾਲ ਮੁਲਾਕਾਤ ਤੋਂ ਬਾਅਦ, ਅਮਿਤ ਸ਼ਾਹ ਛਪਰਾ ਜਾਣਗੇ ਅਤੇ ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਪਹਿਲਾਂ, ਸ਼ਾਹ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ। ਇੱਕ ਨਿਊਜ਼ ਚੈਨਲ ਨਾਲ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ, “ਐਨਡੀਏ ਨਿਤੀਸ਼ ਕੁਮਾਰ ਦੀ ਅਗਵਾਈ ‘ਚ ਚੋਣਾਂ ਲੜ ਰਿਹਾ ਹੈ। ਐਨਡੀਏ ਦੀ ਜਿੱਤ ਤੋਂ ਬਾਅਦ ਵਿਧਾਇਕ ਦਲ ਫੈਸਲਾ ਕਰੇਗੀ ਕਿ ਮੁੱਖ ਮੰਤਰੀ ਕੌਣ ਹੋਵੇਗਾ।”
ਐਨਡੀਏ ਦੇ ਸਾਰੇ ਪੰਜ ਸਹਿਯੋਗੀਆਂ ਨੇ ਸਾਰੀਆਂ 243 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੱਜ, ਭਾਜਪਾ ਉਮੀਦਵਾਰ ਅਤੇ ਲੋਕ ਗਾਇਕਾ ਮੈਥਿਲੀ ਠਾਕੁਰ ਅਲੀਨਗਰ ਤੋਂ ਆਪਣੀ ਨਾਮਜ਼ਦਗੀ ਦਾਖਲ ਕਰੇਗੀ। ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਯਾਦਵ ਰਾਘੋਪੁਰ ਤੋਂ ਤੇਜਸਵੀ ਯਾਦਵ ਦੇ ਖਿਲਾਫ ਆਪਣੀ ਨਾਮਜ਼ਦਗੀ ਦਾਖਲ ਕਰਨਗੇ।
ਬਿਹਾਰ ‘ਚ 121 ਸੀਟਾਂ ਦੇ ਪਹਿਲੇ ਪੜਾਅ ਲਈ ਵੋਟਿੰਗ 6 ਨਵੰਬਰ ਨੂੰ ਹੋਵੇਗੀ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਹਾਲਾਂਕਿ, ਮਹਾਂਗਠਜੋੜ ਦੇ ਅੰਦਰ ਸੀਟ-ਵੰਡ ਫਾਰਮੂਲਾ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਕਾਂਗਰਸ ਨੇ ਵੀਰਵਾਰ ਦੇਰ ਰਾਤ 48 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ।
ਆਰਜੇਡੀ ਨੇ ਅਜੇ ਤੱਕ ਇੱਕ ਵੀ ਸੂਚੀ ਜਾਰੀ ਨਹੀਂ ਕੀਤੀ ਹੈ। ਬਹੁਤ ਸਾਰੇ ਉਮੀਦਵਾਰਾਂ ਨੂੰ ਬਿਨਾਂ ਕਿਸੇ ਰਸਮੀ ਐਲਾਨ ਦੇ ਚੋਣ ਚਿੰਨ੍ਹ ਮਿਲ ਗਏ ਹਨ। ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਮੁਖੀ ਮੁਕੇਸ਼ ਸਾਹਨੀ, ਜੋ ਇਸ ਸਮੇਂ ਮਹਾਂਗਠਜੋੜ ਤੋਂ ਨਾਰਾਜ਼ ਹਨ, ਉਨ੍ਹਾਂ ਨੇ ਵੀਰਵਾਰ ਦੇਰ ਰਾਤ ਰਾਹੁਲ ਗਾਂਧੀ ਨੂੰ ਇੱਕ ਪੱਤਰ ਲਿਖਿਆ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਵਾਅਦਾ ਕੀਤੀਆਂ ਸੀਟਾਂ ਨਹੀਂ ਮਿਲੀਆਂ ਹਨ।
Read More: ਨਿਤੀਸ਼ ਕੁਮਾਰ ਦੀ ਪਾਰਟੀ JDU ਵੱਲੋਂ ਬਿਹਾਰ ਚੋਣਾਂ ਲਈ 44 ਉਮੀਦਵਾਰ ਦੀ ਸੂਚੀ ਜਾਰੀ