ਸਪੋਰਟਸ, 15 ਅਕਤੂਬਰ 2025: AFG ਬਨਾਮ BAN: ਅਫਗਾਨਿਸਤਾਨ ਨੇ ਤੀਜੇ ਵਨਡੇ ਮੈਚ ‘ਚ ਬੰਗਲਾਦੇਸ਼ ਨੂੰ 200 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਅਫਗਾਨਿਸਤਾਨ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ। ਮੈਚ ‘ਚ 5 ਵਿਕਟਾਂ ਲੈਣ ਵਾਲੇ ਬਿਲਾਲ ਸਾਮੀ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਬਰਾਹਿਮ ਜ਼ਦਰਾਨ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ।
ਮੰਗਲਵਾਰ ਨੂੰ ਅਬੂ ਧਾਬੀ ‘ਚ ਖੇਡੇ ਗਏ ਤੀਜੇ ਵਨਡੇ ‘ਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 293 ਦੌੜਾਂ ਬਣਾਈਆਂ। 294 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਬੰਗਲਾਦੇਸ਼ 27.1 ਓਵਰਾਂ ‘ਚ 93 ਦੌੜਾਂ ‘ਤੇ ਆਲ ਆਊਟ ਹੋ ਗਿਆ।
ਪਹਿਲਾਂ ਬੱਲੇਬਾਜ਼ੀ ਕਰਨ ਆਏ ਅਫਗਾਨਿਸਤਾਨ ਲਈ, ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਨੇ ਸਭ ਤੋਂ ਵੱਧ 95 ਦੌੜਾਂ ਬਣਾਈਆਂ। ਇਬਰਾਹਿਮ ਨੇ 111 ਗੇਂਦਾਂ ਦੀ ਆਪਣੀ ਪਾਰੀ ਵਿੱਚ 7 ਚੌਕੇ ਅਤੇ 2 ਛੱਕੇ ਲਗਾਏ। ਮੁਹੰਮਦ ਨਬੀ ਨੇ 37 ਗੇਂਦਾਂ ‘ਚ 62 ਦੌੜਾਂ ਦਾ ਯੋਗਦਾਨ ਪਾਇਆ ਅਤੇ ਰਹਿਮਾਨਉੱਲਾ ਗੁਰਬਾਜ਼ ਨੇ 42 ਦੌੜਾਂ ਦਾ ਯੋਗਦਾਨ ਪਾਇਆ। ਤਿੰਨ ਮੈਚਾਂ ‘ਚ 213 ਦੌੜਾਂ ਬਣਾਉਣ ਵਾਲੇ ਜ਼ਦਰਾਨ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ।
ਬੰਗਲਾਦੇਸ਼ ਲਈ ਸੈਫ਼ ਹਸਨ ਨੇ ਤਿੰਨ ਵਿਕਟਾਂ ਲਈਆਂ। ਹਸਨ ਮਹਿਮੂਦ ਅਤੇ ਤਨਵੀਰ ਇਸਲਾਮ ਨੇ ਦੋ-ਦੋ ਵਿਕਟਾਂ ਲਈਆਂ। ਮਹਿਦੀ ਹਸਨ ਮਿਰਾਜ਼ ਨੇ ਇੱਕ ਵਿਕਟ ਲਈ। ਜਵਾਬ ‘ਚ ਪਿੱਛਾ ਕਰਨ ਵਾਲੀ ਬੰਗਲਾਦੇਸ਼ੀ ਟੀਮ ਦਾ ਬੱਲੇਬਾਜ਼ੀ ਪ੍ਰਦਰਸ਼ਨ ਬਹੁਤ ਮਾੜਾ ਰਿਹਾ। ਟੀਮ ਦੇ 10 ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚਣ ‘ਚ ਅਸਫਲ ਰਹੇ। ਓਪਨਰ ਸੈਫ਼ ਹਸਨ 43 ਦੌੜਾਂ ਦੇ ਨਾਲ ਸਭ ਤੋਂ ਵੱਧ ਸਕੋਰਰ ਰਹੇ।
Read More: IND ਬਨਾਮ WI: ਸ਼ੁਭਮਨ ਗਿੱਲ ਦੀ ਕਪਤਾਨ ਵਜੋਂ ਪਹਿਲੀ ਟੈਸਟ ਸੀਰੀਜ਼ ਜਿੱਤ, ਵੈਸਟਇੰਡੀਜ਼ ਦਾ ਕਲੀਨ ਸਵੀਪ




