ਵਿਦੇਸ਼, 13 ਅਕਤੂਬਰ 2025: Anita Anand meets PM Modi: ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਭਾਈਵਾਲੀ ਨੂੰ ਮਜਬੂਤ ਕਰੇਗੀ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੇ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਮੰਤਰੀ ਆਨੰਦ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੁਵੱਲੇ ਸਬੰਧਾਂ ‘ਚ ਨਵੀਂ ਊਰਜਾ ਭਰੇਗੀ।
ਇਸ ਸਾਲ ਮਈ ‘ਚ ਕੈਨੇਡਾ ਦੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਇਹ ਅਨੀਤਾ ਆਨੰਦ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਪੀਐਮਓ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨੇ ਜੂਨ ਵਿੱਚ ਜੀ-7 ਸੰਮੇਲਨ ਦੌਰਾਨ ਆਪਣੀ ਕੈਨੇਡਾ ਫੇਰੀ ਬਾਰੇ ਚਰਚਾ ਕੀਤੀ, ਜਿੱਥੇ ਉਨ੍ਹਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ “ਬਹੁਤ ਹੀ ਲਾਭਕਾਰੀ” ਮੁਲਾਕਾਤ ਹੋਈ ਸੀ।
ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਊਰਜਾ, ਤਕਨਾਲੋਜੀ, ਖੇਤੀਬਾੜੀ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ ‘ਚ ਸਹਿਯੋਗ ਵਧਾਉਣ ਦੀ ਮਹੱਤਤਾ ਪ੍ਰਗਟ ਕੀਤੀ। ਮੋਦੀ ਨੇ ਕਾਰਨੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਭਵਿੱਖ ਦੀਆਂ ਬੈਠਕਾਂ ਦੀ ਉਡੀਕ ਕਰ ਰਹੇ ਹਨ।
ਅਨੀਤਾ ਆਨੰਦ ਅਤੇ ਜੈਸ਼ੰਕਰ ਵਿਚਾਲੇ ਮੁਲਾਕਾਤ ‘ਚ ਕੀ ਚਰਚਾ ਹੋਈ ?
ਇਸ ਤੋਂ ਪਹਿਲਾਂ, ਅਨੀਤਾ ਆਨੰਦ ਨੇ ਆਪਣੇ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਭਾਰਤ ਦੇ ਜੈਸ਼ੰਕਰ ਨੇ ਬੈਠਕ ‘ਚ ਕਿਹਾ, “ਸਾਡੀ ਅੱਜ ਦੀ ਬੈਠਕ 26 ਮਈ ਨੂੰ ਹੋਈ ਸਾਡੀ ਟੈਲੀਫੋਨ ਗੱਲਬਾਤ ਤੋਂ ਬਾਅਦ ਚੱਲ ਰਹੀ ਰਚਨਾਤਮਕ ਚਰਚਾ ਦਾ ਹਿੱਸਾ ਹੈ। ਭਾਰਤ-ਕੈਨੇਡਾ ਦੁਵੱਲੇ ਸਬੰਧ ਪਿਛਲੇ ਦੋ ਮਹੀਨਿਆਂ ‘ਚ ਲਗਾਤਾਰ ਅੱਗੇ ਵਧੇ ਹਨ। ਅਸੀਂ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ।”
Read More: ਮੁੰਬਈ ‘ਚ PM ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਮੁਲਾਕਾਤ, 4 ਅਹਿਮ ਮੁੱਦਿਆਂ ‘ਤੇ ਚਰਚਾ