ਹਿਮਾਚਲ ਪ੍ਰਦੇਸ਼, 08 ਅਕਤੂਬਰ 2025: Bilaspur Bus Accident: ਮੰਗਲਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ‘ਚ ਇੱਕ ਯਾਤਰੀ ਬੱਸ ‘ਤੇ ਪਹਾੜੀ ਮਲਬਾ ਡਿੱਗ ਗਿਆ, ਜਿਸ ਕਾਰਨ ਹੁਣ ਤੱਕ 16 ਜਣਿਆਂ ਦੀ ਮੌਤ ਹੋ ਗਈ। ਹਾਦਸੇ ਸਮੇਂ ਬੱਸ ‘ਚ ਬੱਚੇ ਵੀ ਸਵਾਰ ਸਨ। ਮਲਬੇ ‘ਚੋਂ ਦੋ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਸ ਦੌਰਾਨ ਬੁੱਧਵਾਰ ਸਵੇਰੇ 6:40 ਵਜੇ ਐਨਡੀਆਰਐਫ ਟੀਮ ਵੱਲੋਂ ਸ਼ੁਰੂ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਇੱਕ ਬੱਚੇ ਦੀ ਲਾਸ਼ ਬਰਾਮਦ ਕੀਤੀ।
ਬਿਲਾਸਪੁਰ ਦੇ ਪੁਲਿਸ ਸੁਪਰਡੈਂਟ ਸੰਦੀਪ ਧਵਲ ਨੇ ਕਿਹਾ ਕਿ ਮ੍ਰਿਤਕਾਂ ‘ਚ ਨੌਂ ਪੁਰਸ਼, ਚਾਰ ਔਰਤਾਂ ਅਤੇ ਦੋ ਮੁੰਡੇ ਸ਼ਾਮਲ ਹਨ। ਇਸ ਤੋਂ ਇਲਾਵਾ, ਇੱਕ ਲੜਕਾ ਅਤੇ ਇੱਕ ਕੁੜੀ ਜ਼ਖਮੀ ਹੋ ਗਈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਬੁੱਧਵਾਰ ਸਵੇਰੇ 7 ਵਜੇ ਬਰਠੀ ਹਸਪਤਾਲ ‘ਚ ਸ਼ੁਰੂ ਹੋਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਬਿਲਾਸਪੁਰ ਸਮੇਤ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਮੰਗਲਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਨਤੀਜੇ ਵਜੋਂ, ਸ਼ਾਮ 6:25 ਵਜੇ ਬਰਠੀ ਨੇੜੇ ਭਾਲੂ ਵਿਖੇ ਅਚਾਨਕ ਮਲਬਾ ਬੱਸ ‘ਤੇ ਡਿੱਗ ਪਿਆ। ਬੱਸ ਦੀ ਛੱਤ ਪਾੜ ਦਿੱਤੀ, ਜਿਸ ਨਾਲ ਇਹ ਖੱਡ ‘ਚ ਡਿੱਗ ਗਈ, ਅਤੇ ਫਿਰ ਪੂਰੀ ਬੱਸ ਮਲਬੇ ਹੇਠ ਦੱਬ ਗਈ। ਬੱਸ ਮਰੋਟਨ ਤੋਂ ਘੁਮਾਰਵੀ ਜਾ ਰਹੀ ਸੀ। ਹਾਦਸੇ ਤੋਂ ਬਾਅਦ, ਸਥਾਨਕ ਨਿਵਾਸੀਆਂ ਤੋਂ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ।
ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, “ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ‘ਚ ਹੋਏ ਹਾਦਸੇ ‘ਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਇਸ ਔਖੇ ਸਮੇਂ ਦੌਰਾਨ ਮੇਰੀਆਂ ਸੰਵੇਦਨਾਵਾਂ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ, ਜਦੋਂ ਕਿ ਜ਼ਖਮੀਆਂ ਨੂੰ 50,000 ਰੁਪਏ ਪ੍ਰਤੀ ਵਿਅਕਤੀ ਦਿੱਤੇ ਜਾਣਗੇ।”
Read More: Bilaspur News: ਬਿਲਾਸਪੁਰ ਜ਼ਿਲ੍ਹੇ ‘ਚ ਫਟਿਆ ਬੱਦਲ, ਮਲਬੇ ਹੇਠ ਦਬੇ ਵਾਹਨ