ਤਾਮਿਲਨਾਡੂ , 04 ਅਕਤੂਬਰ 2025: ਤਾਮਿਲਨਾਡੂ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੇਨਈ ਸਥਿਤ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਅਹਾਤੇ ਤੋਂ ਲਏ ਗਏ ਖੰਘ ਦੀ ਸ਼ਿਰਪ (Cough Syrup) ਦੇ ਨਮੂਨੇ ਮਿਲਾਵਟੀ ਪਾਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਇਸਨੂੰ ਤੁਰੰਤ ਆਪਣੇ ਪਲਾਂਟ ‘ਚ ਉਤਪਾਦਨ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੰਪਨੀ ਦੇ ਨਮੂਨੇ ਫੇਲ
ਇਸ ਤੋਂ ਪਹਿਲਾਂ, ਤਾਮਿਲਨਾਡੂ ਸਰਕਾਰ ਨੇ “ਕੋਲਡ੍ਰਿਫ” ਬ੍ਰਾਂਡ ਦੀ ਸ਼ਿਰਪ ਦੀ ਵਿਕਰੀ ‘ਤੇ ਪਾਬੰਦੀ ਲਗਾਈ ਸੀ ਅਤੇ ਸਾਰੇ ਸਟਾਕ ਨੂੰ ਬਾਜ਼ਾਰ ਤੋਂ ਹਟਾਉਣ ਦਾ ਆਦੇਸ਼ ਦਿੱਤਾ ਸੀ। ਤਾਮਿਲਨਾਡੂ ਸਰਕਾਰ ਦੀ ਇਹ ਕਾਰਵਾਈ ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਕਥਿਤ ਤੌਰ ‘ਤੇ ਸ਼ਿਰਪ ਸੇਵਨ ਕਾਰਨ 11 ਬੱਚਿਆਂ ਦੀ ਮੌਤ ਤੋਂ ਬਾਅਦ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਰਪ (Cough Syrup) ਦੀ ਵਿਕਰੀ ‘ਤੇ 1 ਅਕਤੂਬਰ ਤੋਂ ਪੂਰੇ ਤਾਮਿਲਨਾਡੂ ‘ਚ ਪਾਬੰਦੀ ਲਗਾ ਦਿੱਤੀ ਗਈ ਹੈ। ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਇੱਕ ਟੀਮ ਨੇ ਹਾਲ ਹੀ ‘ਚ ਕਾਂਚੀਪੁਰਮ ਜ਼ਿਲ੍ਹੇ ਦੇ ਸੁੰਗੁਵਰਚਤਰਮ ‘ਚ ਕੰਪਨੀ ਦੀ ਫੈਕਟਰੀ ਦਾ ਨਿਰੀਖਣ ਕੀਤਾ ਅਤੇ ਖੰਘ ਸ਼ਿਰਪ ਦੇ ਨਮੂਨੇ ਇਕੱਠੇ ਕੀਤੇ।
ਅਧਿਕਾਰੀ ਨੇ ਕਿਹਾ ਕਿ ਨਮੂਨੇ ਮਿਲਾਵਟੀ ਪਾਏ ਗਏ ਹਨ। “ਅਸੀਂ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਹੈ। ਸਾਨੂੰ ਅਗਲੇ ਨੋਟਿਸ ਤੱਕ ਕੰਪਨੀ ਦੀ ਦਵਾਈ ਦਾ ਉਤਪਾਦਨ ਬੰਦ ਕਰਨ ਲਈ ਕਿਹਾ ਗਿਆ ਹੈ |
ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੁਡੂਚੇਰੀ ਨੂੰ ਸ਼ਿਰਪ ਸਪਲਾਈ ਕੀਤੀ ਸੀ। ਇਸ ਦੌਰਾਨ, ਸੀਨੀਅਰ ਕਾਂਗਰਸ ਆਗੂ ਕਮਲਨਾਥ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ‘ਚ ਸ਼ੱਕੀ ਗੁਰਦੇ ਦੀ ਬਿਮਾਰੀ ਵਾਲੇ ਬੱਚਿਆਂ ਦੀ ਮੌਤ ‘ਬ੍ਰੇਕ ਆਇਲ ਸ਼ੋਲਵੇਂਟ ‘ ਵਾਲੀ ਸ਼ਿਰਪ ਦੀ ਦਵਾਈ ‘ਚ ਮਿਲਾਵਟ ਕਾਰਨ ਹੋਈ ਹੈ। ਮੱਧ ਪ੍ਰਦੇਸ਼ ‘ਚ ਹੁਣ ਤੱਕ ਨੌਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰਾਜਸਥਾਨ ‘ਚ ਦੋ ਬੱਚਿਆਂ ਦੀ ਵੀ ਮੌਤ ਹੋ ਗਈ ਹੈ।