ਸ੍ਰੀ ਗੁਰੂ ਤੇਗ ਬਹਾਦਰ

ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਲਈ ਤਿਆਰ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 04 ਅਕਤੂਬਰ 2025: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਦੇਸ਼ ਭਰ ‘ਚ ਸ਼ਾਨਦਾਰ ਸਮਾਗਮਾਂ ਦੀ ਲੜੀ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਇਸ ਲੜੀ ਦੌਰਾਨ ਨਗਰ ਕੀਰਤਨ, ਕੀਰਤਨ ਦਰਬਾਰ, ਲਾਈਟ ਐਂਡ ਸਾਊਂਡ ਸ਼ੋਅ, ਡਰੋਨ ਸ਼ੋਅ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਮੁੱਖ ਧਾਰਮਿਕ ਇਕੱਠਾਂ ਸਮੇਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ ਜੋ ਕਿ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਅਤੇ ਧਰਮ ਨਿਰਪੱਖਤਾ ਦੀ ਵਿਰਾਸਤ ਨੂੰ ਦੁਨੀਆਂ ਭਰ ‘ਚ ਉਜਾਗਰ ਕਰਨਗੇ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਹਿੰਦ ਦੀ ਚਾਦਰ’ 9ਵੇਂ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਪ੍ਰਤੀ ਸ਼ਰਧਾ ਤਹਿਤ ਕੌਮੀ ਪੱਧਰ ‘ਤੇ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਚਾਰ ਨਗਰ ਕੀਰਤਨਾਂ ਨਾਲ ਕੀਤੀ ਜਾਵੇਗੀ। ਇਨ੍ਹਾਂ ‘ਚੋਂ ਇੱਕ ਨਗਰ ਕੀਰਤਨ 18 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ, ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਤੋਂ ਸ਼ੁਰੂ ਹੋਵੇਗਾ।

ਇਸ ਨਗਰ ਕੀਰਤਨ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਲ ਹੋਣਗੇ | ਇਸਦੇ ਨਾਲ ਹੀ ਬਾਕੀ ਤਿੰਨ ਨਗਰ ਕੀਰਤਨ ਮਾਲਵਾ (ਫਰੀਦਕੋਟ ਅਤੇ ਬਠਿੰਡਾ), ਅਤੇ ਮਾਝਾ ਤੇ ਦੋਆਬਾ ਖੇਤਰਾਂ ਤੋਂ ਸ਼ੁਰੂ ਹੋਣਗੇ। ਚਾਰੇ ਨਗਰ ਕੀਰਤਨ 22 ਨਵੰਬਰ ਦੀ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ਼ਹੀਦੀ ਸਮਾਗਮਾਂ ਦੀ ਰਸਮੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਹੋਵੇਗੀ, ਜਿਸ ਉਪਰੰਤ ਉਸੇ ਸ਼ਾਮ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਉਪਰੰਤ ਮੁੱਖ ਸਮਾਗਮ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ |

ਉਨ੍ਹਾਂ ਕਿਹਾ ਕਿ 19 ਤੋਂ 30 ਨਵੰਬਰ ਤੱਕ ਸੰਗਤ ਦੇ ਰਹਿਣ ਲਈ ਟੈਂਟ ਸਿਟੀ ਸਥਾਪਤ ਕੀਤੀ ਜਾਵੇਗੀ, ਜਿਸ ‘ਚ ਰੋਜ਼ਾਨਾ 10,000 ਸੰਗਤਾਂ ਦੇ ਰਹਿਣ ਦਾ ਇੰਤਜ਼ਾਮ ਹੋਵੇਗਾ। ਇੱਥੇ ਹੋਣ ਵਾਲੇ ਸਮਾਗਮਾਂ ‘ਚ ਅਖੰਡ ਪਾਠ ਸਾਹਿਬ ਅਤੇ ਸਰਬ ਧਰਮ ਸੰਮੇਲਨ, ਪ੍ਰਦਰਸ਼ਨੀਆਂ ਅਤੇ ਡਰੋਨ ਸ਼ੋਅ ਸ਼ਾਮਲ ਹੋਣਗੇ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁਰੂ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦਾ ਪੰਜਾਬ ਦਾ ਪਲੇਠਾ ਤੇ ਨਵੇਕਲਾ ਡਰੋਨ ਸ਼ੋਅ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਕੀਰਤਪੁਰ ਸਾਹਿਬ ਤੋਂ ਇੱਕ ਵਿਸ਼ੇਸ਼ ਨਗਰ ਕੀਰਤਨ ਕੱਢਿਆ ਜਾਵੇਗਾ। ਪੰਜਾਬ ਵਿਧਾਨ ਸਭਾ ਦਾ ਇੱਕ ਸੈਸ਼ਨ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਉਣ ਦਾ ਪ੍ਰਸਤਾਵ ਵੀ ਹੈ।

ਇਹ ਸਮਾਗਮ ‘ਹੁਕਮਨਾਮਾ`, ਰਸ-ਭਿੰਨੇ ਕੀਰਤਨ, ਅਤੇ ‘ਸਰਬੱਤ ਦੇ ਭਲੇ` ਦੀ ਅਰਦਾਸ ਸੰਪੰਨ ਹੋਵੇਗਾ ਅਤੇ ਇਸ ਦੌਰਾਨ ਸੂਬੇ ਭਰ ‘ਚ ਖੂਨਦਾਨ ਕੈਂਪਾਂ ਤੋਂ ਇਲਾਵਾ 3.50 ਲੱਖ ਪੌਦੇ ਲਗਾਉਣ ਵਾਲੀ ਮੈਗਾ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਅੰਗ ਦਾਨ ਕਰਨ ਦਾ ਪ੍ਰਣ ਲੈਣ ਸਬੰਧੀ ਸਮਾਗਮ ਵੀ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ 1 ਤੋਂ 18 ਨਵੰਬਰ ਤੱਕ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ 9ਵੇਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਮੁਰੀਦਾਂ- ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਜੀਵਨ `ਤੇ ਅਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ 130 ਪਵਿੱਤਰ ਸਥਾਨਾਂ `ਤੇ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ। ਗੁਰੂ ਜੀ ਦੇ ਜੀਵਨ ਨਾਲ ਜੁੜੇ ਹੋਰ ਪ੍ਰਮੁੱਖ ਸ਼ਹਿਰਾਂ, ਜਿਨ੍ਹਾਂ ‘ਚ ਅੰਮ੍ਰਿਤਸਰ, ਬਾਬਾ ਬਕਾਲਾ ਅਤੇ ਪਟਿਆਲਾ ਸ਼ਾਮਲ ਹਨ, ਇਸ ਲਈ ਵੀ ਵੱਡੇ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ 5 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ‘ਚ ਇੱਕ ਹੈਰੀਟੇਜ ਸਟ੍ਰੀਟ ਦਾ ਨੀਂਹ ਪੱਥਰ ਰੱਖਣਗੇ ਅਤੇ ਵਿਸ਼ਾਲ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਧਾਰਮਿਕ ਪੈਨਲ ਨਾਲ ਬੈਠਕ ਕਰਨਗੇ।

Read More: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ‘ਤੇ ਮਨਾਏਗੀ ਪੰਜਾਬ ਸਰਕਾਰ: ਤਰੁਨਪ੍ਰੀਤ ਸਿੰਘ ਸੌਂਦ

Scroll to Top