ਸਪੋਰਟਸ, 27 ਸਤੰਬਰ 2025: IND ਬਨਾਮ PAK Final: ਏਸ਼ੀਆ ਕੱਪ 2025 ਦਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਹੀ ਉਡੀਕਿਆ ਜਾਣ ਵਾਲਾ ਫਾਈਨਲ ਭਲਕੇ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਵੱਡੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕੇਲ ਨੇ ਕਿਹਾ ਹੈ ਕਿ ਇਸ ਮੈਚ ‘ਚ ਸਭ ਤੋਂ ਦਿਲਚਸਪ ਮੁਕਾਬਲਾ ਭਾਰਤ ਦੇ ਧਾਕੜ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਵਿਚਾਲੇ ਹੋਵੇਗਾ।
ਮੋਰਕੇਲ ਨੇ ਕਿਹਾ ਕਿ ਉਹ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। “ਸ਼ਾਹੀਨ ਯਕੀਨੀ ਤੌਰ ‘ਤੇ ਇੱਕ ਹਮਲਾਵਰ ਗੇਂਦਬਾਜ਼ ਹੈ ਜੋ ਤੁਹਾਨੂੰ ਪਛਾੜਨ ਦੀ ਕੋਸ਼ਿਸ਼ ਕਰੇਗਾ ਅਤੇ ਅਭਿਸ਼ੇਕ ਸ਼ਰਮਾ ਵੀ ਪਿੱਛੇ ਨਹੀਂ ਹਟੇਗਾ। ਮੈਨੂੰ ਲੱਗਦਾ ਹੈ ਕਿ ਹਰ ਵਾਰ ਜਦੋਂ ਇਹ ਦੋਵੇਂ ਇੱਕ ਦੂਜੇ ਦਾ ਸਾਹਮਣਾ ਕਰਦੇ ਹਨ, ਤਾਂ ਅਸੀਂ ਸਾਰੇ ਕ੍ਰਿਕਟ ਪ੍ਰਸ਼ੰਸਕ ਅਤੇ ਸਮਰਥਕ ਆਪਣੀਆਂ ਸੀਟਾਂ ‘ਤੇ ਚਿਪਕ ਜਾਂਦੇ ਹਾਂ, ਅਤੇ ਇਹ ਖੇਡ ਲਈ ਬਹੁਤ ਵਧੀਆ ਹੈ।” ਮੋਰਕੇਲ ਨੇ ਸਪੱਸ਼ਟ ਕੀਤਾ ਕਿ ਕ੍ਰਿਕਟ ਪ੍ਰਸ਼ੰਸਕ ਐਤਵਾਰ ਦੇ ਫਾਈਨਲ ‘ਚ ਦੋਵਾਂ ਵਿਚਕਾਰ ਇੱਕ ਹਾਈ-ਵੋਲਟੇਜ ਡਰਾਮਾ ਦੇਖਣਗੇ।
ਮੋਰਕੇਲ ਪਹਿਲਾਂ ਪਾਕਿਸਤਾਨ ਟੀਮ ਨਾਲ ਗੇਂਦਬਾਜ਼ੀ ਸਲਾਹਕਾਰ ਵਜੋਂ ਕੰਮ ਕਰ ਚੁੱਕਾ ਹੈ, ਜਿੱਥੇ ਉਨ੍ਹਾਂ ਨੂੰ ਸ਼ਾਹੀਨ ਸ਼ਾਹ ਅਫਰੀਦੀ ਵਰਗੇ ਵਿਸ਼ਵ ਪੱਧਰੀ ਗੇਂਦਬਾਜ਼ ਨੂੰ ਕੋਚਿੰਗ ਦੇਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ, “ਮੈਂ ਸ਼ਾਹੀਨ ਨੂੰ ਨੇੜਿਓਂ ਦੇਖਿਆ ਹੈ। ਉਹ ਸਿਰਫ਼ ਇੱਕ ਵਧੀਆ ਗੇਂਦਬਾਜ਼ ਹੀ ਨਹੀਂ ਹੈ, ਸਗੋਂ ਇੱਕ ਬਹੁਤ ਹੀ ਹਮਲਾਵਰ ਅਤੇ ਚਲਾਕ ਖਿਡਾਰੀ ਵੀ ਹੈ। ਉਹ ਹਮੇਸ਼ਾ ਤੁਹਾਨੂੰ ਪਰਖਣ ਅਤੇ ਆਊਟ ਕਰਨ ਦੇ ਮੌਕੇ ਲੱਭਦਾ ਹੈ।”
25 ਸਾਲਾ ਅਭਿਸ਼ੇਕ ਸ਼ਰਮਾ ਚੱਲ ਰਹੇ ਏਸ਼ੀਆ ਕੱਪ ‘ਚ ਭਾਰਤ ਦੇ ਸਭ ਤੋਂ ਵੱਡੇ ਮੈਚ ਜੇਤੂ ਵਜੋਂ ਉਭਰਿਆ ਹੈ। ਉਨ੍ਹਾਂ ਨੇ ਹੁਣ ਤੱਕ ਖੇਡੇ ਛੇ ਮੈਚਾਂ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਅਭਿਸ਼ੇਕ ਨੇ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਦੋਵੇਂ ਲੀਗ ਮੈਚਾਂ ‘ਚ ਸ਼ਾਹੀਨ ਸ਼ਾਹ ਅਫਰੀਦੀ ਨੂੰ ਨਿਸ਼ਾਨਾ ਬਣਾਇਆ। ਅਭਿਸ਼ੇਕ ਏਸ਼ੀਆ ਕੱਪ ਟੀ-20 ‘ਚ 300+ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਵੀ ਹੈ।
ਮੋਰਕਲ ਨੇ ਕਿਹਾ, “ਅਭਿਸ਼ੇਕ ਆਪਣੀ ਹਮਲਾਵਰ ਮਾਨਸਿਕਤਾ ਲਈ ਜਾਣਿਆ ਜਾਂਦਾ ਹੈ। ਅਭਿਸ਼ੇਕ ਨੇ ਦਿਖਾਇਆ ਹੈ ਕਿ ਉਹ ਕਿਸੇ ਵੀ ਗੇਂਦਬਾਜ਼ ਵਿਰੁੱਧ ਬਚ ਸਕਦਾ ਹੈ ਅਤੇ ਦੌੜਾਂ ਬਣਾ ਸਕਦਾ ਹੈ। ਇਹੀ ਸ਼ੈਲੀ ਫਾਈਨਲ ‘ਚ ਵੀ ਦੇਖਣ ਨੂੰ ਮਿਲੇਗੀ।”
Read More: IND ਬਨਾਮ PAK: ਏਸ਼ੀਆ ਕੱਪ ਦੇ ਫਾਈਨਲ ‘ਚ 41 ਸਾਲਾਂ ਬਾਅਦ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ
 
								 
								 
								 
								



