ਮੋਹਾਲੀ, 23 ਸਤੰਬਰ 2025: ਫਰਾਂਸ, ਮੋਨਾਕੋ, ਮਾਲਟਾ, ਲਕਸਮਬਰਗ ਅਤੇ ਬੈਲਜੀਅਮ ਨੇ ਫਲਸਤੀਨ ਨੂੰ ਇੱਕ ਸੁਤੰਤਰ ਦੇਸ਼ ਵਜੋਂ ਮਾਨਤਾ ਦਿੱਤੀ ਹੈ। ਸੋਮਵਾਰ ਦੇਰ ਰਾਤ, ਇਜ਼ਰਾਈਲ-ਫਲਸਤੀਨ ਸੰਘਰਸ਼ ਨੂੰ ਹੱਲ ਕਰਨ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿਚਾਲੇ ਨਿਊਯਾਰਕ ‘ਚ ਇੱਕ ਬੈਠਕ ਹੋਈ, ਜਿੱਥੇ ਅਧਿਕਾਰਤ ਐਲਾਨ ਕੀਤਾ ਗਿਆ।
ਫਰਾਂਸ ਅਤੇ ਸਾਊਦੀ ਅਰਬ ਨੇ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ‘ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ “ਅੱਜ, ਫਰਾਂਸ ਫਲਸਤੀਨ ਨੂੰ ਮਾਨਤਾ ਦਿੰਦਾ ਹੈ ਅਤੇ ਸਾਨੂੰ ਸ਼ਾਂਤੀ ਲਈ ਰਾਹ ਪੱਧਰਾ ਕਰਨਾ ਚਾਹੀਦਾ ਹੈ।”
ਮੈਕਰੋਨ ਨੇ ਇਸਨੂੰ ਹਮਾਸ ਦੀ ਹਾਰ ਦੱਸਿਆ, ਉਨ੍ਹਾਂ ਦੇ ਬਿਆਨ ਨੂੰ ਜ਼ੋਰਦਾਰ ਤਾੜੀਆਂ ਨਾਲ ਸੁਣਿਆ ਗਿਆ ਅਤੇ ਫਲਸਤੀਨੀ ਵਫ਼ਦ ਖੜ੍ਹਾ ਹੋ ਗਿਆ। ਦੂਜੇ ਪਾਸੇ, ਇਜ਼ਰਾਈਲ ਨੇ ਇਸ ਪਹਿਲਕਦਮੀ ਦਾ ਸਖ਼ਤ ਵਿਰੋਧ ਕੀਤਾ। ਸੰਯੁਕਤ ਰਾਸ਼ਟਰ ‘ਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਵਾਬ ਦੇਵੇਗੀ।
ਬੈਲਜੀਅਮ ਨੇ ਫਲਸਤੀਨ ਨੂੰ ਮਾਨਤਾ ਦੇਣ ਲਈ ਸ਼ਰਤਾਂ ਲਗਾਈਆਂ ਹਨ। ਇਸ ਮੁਤਾਬਕ ਇਹ ਸਿਰਫ਼ ਤਾਂ ਹੀ ਕਾਨੂੰਨੀ ਤੌਰ ‘ਤੇ ਪ੍ਰਭਾਵਸ਼ਾਲੀ ਹੋਵੇਗਾ ਜੇਕਰ ਗਾਜ਼ਾ ‘ਚ ਹਮਾਸ ਨੂੰ ਸੱਤਾ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਸਾਰੇ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਚਾਰ ਦੇਸ਼ਾਂ – ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਪੁਰਤਗਾਲ ਨੇ ਫਲਸਤੀਨ ਨੂੰ ਮਾਨਤਾ ਦਿੱਤੀ। ਹੁਣ ਤੱਕ ਲਗਭਗ 150 ਦੇਸ਼ਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੈ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ ਹੈ ਕਿ ਗਾਜ਼ਾ ਦੇ ਭਵਿੱਖ ਦੇ ਸ਼ਾਸਨ ਵਿੱਚ ਹਮਾਸ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਉਨ੍ਹਾਂ ਨੇ ਹਮਾਸ ਨੂੰ ਆਪਣੇ ਹਥਿਆਰ ਸੁੱਟਣ ਦਾ ਸੱਦਾ ਦਿੱਤਾ।
Read More: PM ਐਂਥਨੀ ਅਲਬਾਨੀਜ਼ ਦਾ ਬਿਆਨ, ਆਸਟ੍ਰੇਲੀਆ ਵੀ ਫਲਸਤੀਨ ਨੂੰ ਦੇਵੇਗਾ ਮਾਨਤਾ




