ਗਲਘੋਟੂ ਬੀਮਾਰੀ

ਇੱਕ ਹਫ਼ਤੇ ‘ਚ 1.75 ਲੱਖ ਤੋਂ ਵੱਧ ਪਸ਼ੂਆਂ ਦਾ ਕੀਤਾ ਟੀਕਾਕਰਨ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 22 ਸਤੰਬਰ 2025: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ 1.75 ਲੱਖ ਤੋਂ ਵੱਧ ਪਸ਼ੂਆਂ ਨੂੰ ਗਲਘੋਟੂ ਬੀਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਕੀਤਾ ਹੈ | ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ 713 ਪਿੰਡਾਂ ਨੂੰ ਕਵਰ ਕਰਦੇ ਹੋਏ ਟੀਕਾਕਰਨ ਮੁਹਿੰਮ ਨਾਲ ਪਸ਼ੂਆਂ ਨੂੰ ਹੋਣ ਵਾਲੀਆਂ ਸੰਭਾਵੀ ਬੀਮਾਰੀਆਂ ਤੋਂ ਬਚਾਉਣ ‘ਚ ਮੱਦਦ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ 14 ਸਤੰਬਰ ਤੋਂ ਚਲਾਈ ਇਸ ਮੁਹਿੰਮ ਹੜ੍ਹਾਂ ਪਿੱਛੋਂ ਸੂਬੇ ਦੀ ਮੁੜ-ਵਸੇਬਾ ਕਾਰਜ ਯੋਜਨਾ ਦਾ ਅਹਿਮ ਹਿੱਸਾ ਹੈ | ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਨੂੰ ਇਸ ਮਹੀਨੇ ਦੇ ਅੰਤ ਤੱਕ ਟੀਕਾਕਰਨ ਮੁਹਿੰਮ ਨੂੰ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ |

ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਉਦੇਸ਼ ਪਸ਼ੂਆਂ ਦੀ ਰੱਖਿਆ ਕਰਨ ਦੇ ਨਾਲ-ਨਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਨਾਲ ਜੂਝ ਰਹੇ ਹਜ਼ਾਰਾਂ ਪਰਿਵਾਰਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨਾ ਵੀ ਹੈ। ਇਸ ਤਹਿਤ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਫ਼ਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਮੋਗਾ, ਪਠਾਨਕੋਟ, ਰੂਪਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ।

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਯੋਜਨਾ ਤਹਿਤ 713 ਹੜ੍ਹ ਪ੍ਰਭਾਵਿਤ ਪਿੰਡਾਂ ‘ਚ 1,300 ਤੋਂ ਵੱਧ ਵਿਸ਼ੇਸ਼ ਕੈਂਪ ਸਥਾਪਤ ਕੀਤੇ ਹਨ, ਜਿਸ ‘ਚ 2.52 ਲੱਖ ਤੋਂ ਵੱਧ ਪਸ਼ੂਆਂ ਦਾ ਡਾਕਟਰੀ ਇਲਾਜ ਕੀਤਾ ਹੈ।

ਇਸ ਬਾਰੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਪਸ਼ੂਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ 428 ਪਿੰਡਾਂ ‘ਚ ਯੂਰੋਮਿਨ ਲਿਕਸ ਅਤੇ 388 ਪਿੰਡਾਂ ‘ਚ ਮਿਨਰਲ ਮਿਕਸਚਰ ਵੰਡੇ ਹਨ। ਇਸ ਤੋਂ ਇਲਾਵਾ ਪਸ਼ੂਆਂ ਦੀ ਸਿਹਤ ਦੀ ਰਾਖੀ ਲਈ ਰੋਕਥਾਮ ਉਪਾਅ ਵਜੋਂ ਪ੍ਰਭਾਵਿਤ ਪਿੰਡਾਂ ‘ਚ ਪੋਟਾਸ਼ੀਅਮ ਪਰਮੈਗਾਨੇਟ ਕ੍ਰਿਸਟਲ ਵੀ ਵੰਡੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਘਰ-ਘਰ ਜਾ ਕੇ ਡਾਕਟਰੀ ਸਹਾਇਤਾ ਦੇਣ ਸਬੰਧੀ ਮੁਹਿੰਮ ਸੈਂਕੜੇ ਵੈਟਰਨਰੀ ਅਫਸਰਾਂ, ਫੀਲਡ ਸਟਾਫ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਸੰਭਵ ਹੋਈ ਹੈ।

Read More: ਪੰਜਾਬ ਸਰਕਾਰ ਦੇ ‘ਮਿਸ਼ਨ ਚੜ੍ਹਦੀਕਲਾ’ ਤਹਿਤ 24 ਘੰਟਿਆਂ ‘ਚ 1000 ਤੋਂ ਵੱਧ ਲੋਕਾਂ ਨੇ ਕੀਤਾ ਦਾਨ

Scroll to Top