ਵਿਦੇਸ਼, 17 ਸਤੰਬਰ 2025: ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਭਰ ਤੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਅੱਜ 75 ਸਾਲ ਦੇ ਹੋ ਗਏ ਹਨ। ਸਭ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਰਾਤ 10:53 ਵਜੇ ਮੋਦੀ ਨੂੰ ਫ਼ੋਨ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰਾਤ 11:30 ਵਜੇ ਪ੍ਰਧਾਨ ਮੰਤਰੀ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ।
ਡੋਨਾਲਡ ਟਰੰਪ ਨੇ ਲਿਖਿਆ, “ਹੁਣੇ ਹੁਣੇ ਆਪਣੇ ਦੋਸਤ, ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲ ਕੀਤੀ। ਮੈਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹ ਸ਼ਾਨਦਾਰ ਕੰਮ ਕਰ ਰਹੇ ਹਨ। ਨਰਿੰਦਰ ਮੋਦੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਖਤਮ ਕਰਨ ‘ਚ ਤੁਹਾਡੇ ਸਮਰਥਨ ਲਈ ਧੰਨਵਾਦ।”
ਟਰੰਪ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਲਿਖਿਆ, “ਧੰਨਵਾਦ, ਮੇਰੇ ਦੋਸਤ, ਰਾਸ਼ਟਰਪਤੀ ਟਰੰਪ। ਤੁਹਾਡੇ ਵਾਂਗ, ਮੈਂ ਆਪਣੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਚਾਹੁੰਦਾ ਹਾਂ। ਅਸੀਂ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦੇ ਹਾਂ।”
ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਨੇ ਮੋਦੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਸਮੇਤ ਕਈ ਵਿਸ਼ਵ ਆਗੂਆਂ ਨੇ ਵੀ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਕ੍ਰੇਮਲਿਨ ਦੀ ਵੈੱਬਸਾਈਟ ‘ਤੇ ਜਾਰੀ ਇੱਕ ਸੰਦੇਸ਼ ‘ਚ ਪੁਤਿਨ ਨੇ ਲਿਖਿਆ, “ਪਿਆਰੇ ਪ੍ਰਧਾਨ ਮੰਤਰੀ ਤੁਹਾਡੇ 75ਵੇਂ ਜਨਮਦਿਨ ‘ਤੇ ਹਾਰਦਿਕ ਵਧਾਈਆਂ। ਤੁਸੀਂ ਸਾਡੇ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ‘ਚ ਆਪਸੀ ਲਾਭਦਾਇਕ ਭਾਰਤ-ਰੂਸ ਸਹਿਯੋਗ ਨੂੰ ਅੱਗੇ ਵਧਾਉਣ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।”
ਕ੍ਰਿਸਟੋਫਰ ਲਕਸਨ ਨੇ ਕਿਹਾ, “ਨਮਸਤੇ, ਮੇਰੇ ਚੰਗੇ ਦੋਸਤ, ਪ੍ਰਧਾਨ ਮੰਤਰੀ ਮੋਦੀ। ਤੁਹਾਡੇ 75ਵੇਂ ਜਨਮਦਿਨ ‘ਤੇ ਵਧਾਈਆਂ। ਇਹ ਤੁਹਾਡੀ ਲੀਡਰਸ਼ਿਪ ਦੀ ਸ਼ਲਾਘਾ ਕਰਨ ਦਾ ਮੌਕਾ ਹੈ, ਜੋ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਨ ਵੱਲ ਲੈ ਜਾ ਰਹੀ ਹੈ। ਮੈਂ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ।”
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ, “ਮੇਰੇ ਦੋਸਤ, ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਮੁਬਾਰਕ। ਆਸਟ੍ਰੇਲੀਆ ਭਾਰਤ ਨਾਲ ਆਪਣੀ ਮਜ਼ਬੂਤ ਦੋਸਤੀ ਦੀ ਕਦਰ ਕਰਦਾ ਹੈ, ਅਤੇ ਮੈਂ ਆਉਣ ਵਾਲੇ ਸਾਲਾਂ ‘ਚ ਨਿਰੰਤਰ ਸਹਿਯੋਗ ਅਤੇ ਤਰੱਕੀ ਦੀ ਉਮੀਦ ਕਰਦਾ ਹਾਂ।”
ਰਿਸ਼ੀ ਸੁਨਕ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ‘ਤੇ ਵਧਾਈ ਦੇਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ।” “ਮੁਸ਼ਕਿਲ ਸਮਿਆਂ ‘ਚ ਸਾਨੂੰ ਚੰਗੇ ਦੋਸਤਾਂ ਦੀ ਲੋੜ ਹੁੰਦੀ ਹੈ, ਅਤੇ ਨਰਿੰਦਰ ਮੋਦੀ ਹਮੇਸ਼ਾ ਮੇਰੇ ਅਤੇ ਬ੍ਰਿਟੇਨ ਦੇ ਚੰਗੇ ਦੋਸਤ ਰਹੇ ਹਨ। ਹਾਲ ਹੀ ‘ਚ ਹੋਈ ਇੰਗਲੈਂਡ-ਭਾਰਤ ਟੈਸਟ ਲੜੀ ਇਸਦੀ ਇੱਕ ਪ੍ਰਮੁੱਖ ਉਦਾਹਰਣ ਹੈ। ਇੱਕ ਬ੍ਰਿਟਿਸ਼-ਭਾਰਤੀ ਪਰਿਵਾਰ ਤੋਂ ਹੋਣ ਕਰਕੇ, ਇਹ ਰਿਸ਼ਤਾ ਹਮੇਸ਼ਾ ਮੇਰੇ ਲਈ ਖਾਸ ਰਹੇਗਾ।”
Read More: ਪਾਕਿਸਤਾਨ ਦੇ ਡਿਪਟੀ PM ਵੱਲੋਂ ਡੋਨਾਲਡ ਟਰੰਪ ਦਾ ਜੰਗਬੰਦੀ ਦਾ ਦਾਅਵਾ ਰੱਦ




